ਜਗਮੋਹਨ ਸਿੰਘ
ਘਨੌਲੀ, 4 ਅਪਰੈਲ
ਇੱਥੇ ਅੰਬੂਜਾ ਸੀਮਿੰਟ ਫੈਕਟਰੀ ਦੀ ਉਤਪਾਦਨ ਸਮਰੱਥਾ ਵਧਾਉਣ ਸਬੰਧੀ ਸਥਾਨਕ ਲੋਕਾਂ ਦੇ ਵਿਚਾਰ ਜਾਣਨ ਲਈ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਅੱਜ ਜਨਤਕ ਸੁਣਵਾਈ ਕੀਤੀ ਗਈ। ਇਸ ਦੌਰਾਨ ਪੰਡਾਲ ਵਿੱਚ ਹਾਜ਼ਰ ਸਮੁੱਚੇ ਲੋਕਾਂ ਨੇ ਫੈਕਟਰੀ ਦੀ ਉਤਪਾਦਨ ਸਮਰੱਥਾ ਵਧਾਉਣ ਦਾ ਹੱਥ ਖੜ੍ਹੇ ਕਰ ਕੇ ਵਿਰੋਧ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬੂਜਾ ਕੰਪਨੀ ਵੱਲੋਂ ਫੈਕਟਰੀ ਦੀ ਮੌਜੂਦਾ ਪੈਦਾਵਾਰ ਸਮਰੱਥਾ 3.4 ਮਿਲੀਅਨ ਟਨ ਵਿੱਚ 2 ਮਿਲੀਅਨ ਟਨ ਦਾ ਹੋਰ ਵਾਧਾ ਕਰਨ ਦੀ ਤਜਵੀਜ਼ ਹੈ, ਜਿਸ ਸਬੰਧੀ ਅੱਜ ਪ੍ਰਦੂਸ਼ਣ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਲੋਕਾਂ ਦੇ ਵਿਚਾਰ ਜਾਣਨ ਲਈ ਪਿੰਡ ਦਬੁਰਜੀ ਦੇ ਖੇਡ ਮੈਦਾਨ ਵਿੱਚ ਜਨਤਕ ਸੁਣਵਾਈ ਦਾ ਪ੍ਰੋਗਰਾਮ ਰੱਖਿਆ ਸੀ। ਇਸ ਮੌਕੇ ਏਡੀਸੀ ਦੀਪ ਸ਼ਿਖਾ ਦੀ ਅਗਵਾਈ ਅਧੀਨ ਅਸ਼ੋਕ ਕੁਮਾਰ ਐਕਸੀਅਨ ਪ੍ਰਦੂਸ਼ਣ ਵਿਭਾਗ, ਕੰਵਲਜੀਤ ਕੌਰ ਐੱਸ.ਡੀ.ਓ., ਤਹਿਸੀਲਦਾਰ ਹਰਬੰਸ ਸਿੰਘ ਤੇ ਐੱਸ.ਪੀ.(ਡੀ) ਹਰਬੀਰ ਸਿੰਘ ਅਟਵਾਲ ਤੇ ਅਧਾਰਿਤ ਟੀਮ ਲੈ ਕੇ ਲਗਭਗ 11 ਵਜੇ ਜਨਤਕ ਸੁਣਵਾਈ ਲਈ ਪੁੱਜੇ।
ਇਸ ਤੋਂ ਪਹਿਲਾਂ ਵਾਤਾਵਰਣ ਪ੍ਰੇਮੀਆਂ ਰਾਜਿੰਦਰ ਸਿੰਘ ਘਨੌਲਾ, ਪਰਮਜੀਤ ਸਿੰਘ ਬਹਾਦਰਪੁਰ, ਨੰਬਰਦਾਰ ਪਰਮਿੰਦਰ ਸਿੰਘ ਚੰਦਪੁਰ, ਕੁਲਦੀਪ ਸਿੰਘ ਜੇ.ਈ. ਤੇ ਤਜਿੰਦਰ ਸਿੰਘ ਲੋਹਗੜ੍ਹ ਫਿੱਡੇ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਫੈਕਟਰੀ ਦੇ ਪ੍ਰਦੂਸ਼ਣ ਦੇ ਆਧਾਰ ’ਤੇ ਫੈਕਟਰੀ ਦੀ ਸਮਰੱਥਾ ਵਿੱਚ ਵਾਧੇ ਦਾ ਵਿਰੋਧ ਕੀਤਾ। ਜਨਤਕ ਸੁਣਵਾਈ ਸ਼ੁਰੂ ਹੋਣ ’ਤੇ ਫੈਕਟਰੀ ਪ੍ਰਬੰਧਕਾਂ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਫੈਕਟਰੀ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ ਤੇ ਫੈਕਟਰੀ ਦੀ ਸਮਰੱਥਾ ਵਧਣ ’ਤੇ 100 ਹੋਰ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ 6 ਏਕੜ ਜ਼ਮੀਨ ਸਿਰਫ ਪੌਦੇ ਲਗਾਉਣ ਲਈ ਖਰੀਦੀ ਗਈ ਹੈ।
ਇਸ ਤੋਂ ਬਾਅਦ ਟੀਮ ਵੱਲੋਂ ਲੋਕਾਂ ਨੂੰ ਅੰਬੂਜਾ ਵੱਲੋਂ ਪੇਸ਼ ਕੀਤੀ ਰਿਪੋਰਟ ਦੀਆਂ ਕਾਪੀਆਂ ਦੇ ਕੇ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ, ਜਿਸ ਦੌਰਾਨ ਰਾਜਿੰਦਰ ਸਿੰਘ ਘਨੌਲਾ, ਪਰਮਜੀਤ ਸਿੰਘ ਬਹਾਦਰਪੁਰ, ਨੰਬਰਦਾਰ ਪਰਮਿੰਦਰ ਸਿੰਘ ਬਾਲਾ,ਵਿੱਕੀ ਧੀਮਾਨ,ਇੰਜ. ਰਣਜੋਧ ਸਿੰਘ ਰਤਨਪੁਰਾ, ਜਗਦੀਪ ਕੌਰ ਢੱਕੀ, ਅਮਰਜੀਤ ਕੌਰ ਸਰਪੰਚ ਨੂੰਹੋਂ , ਸਾਬਕਾ ਸਰਪੰਚ ਸੁਦੇਸ਼ ਕੁਮਾਰੀ ਨੇ ਰਿਪੋਰਟ ਵਿੱਚ ਦਰਜ ਨੁਕਤਿਆਂ ਵਿੱਚੋਂ ਸਵਾਲ ਪੁੱਛੇ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਫੈਕਟਰੀ ਪ੍ਰਬੰਧਕ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਸੈਸ਼ਨ ਦੇ ਅਖੀਰ ਵਿੱਚ ਸਮੁੱਚੇ ਲੋਕਾਂ ਨੇ ਫੈਸਲੇ ਦਾ ਵਿਰੋਧ ਕੀਤਾ। ਟੀਮ ਆਗੂ ਦੀਪਸ਼ਿਖਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਕ ਰਾਇ ਪ੍ਰਾਪਤ ਕੀਤੀ ਗਈ ਹੈ, ਜਿਸ ਦੀ ਰਿਪੋਰਟ ਤਿਆਰ ਕਰਕੇ ਅੱਗੇ ਭੇਜੀ ਜਾਵੇਗੀ।