ਪੱਤਰ ਪ੍ਰੇਰਕ
ਚੰਡੀਗੜ੍ਹ, 2 ਜੂਨ
ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੌਰ ਵਿੱਚ ਮੈਡੀਕਲ ਕਾਲਜਾਂ ਵਿੱਚ ਐੱਮ.ਬੀ.ਬੀ.ਐੱਸ. ਕੋਰਸਾਂ ਵਿੱਚ ਦਾਖਲਾ ਲੈਣ ਲਈ ਅਗਲੇ ਸਾਲ ਤੋਂ ਕੋਰਸਾਂ ਦੀਆਂ ਫੀਸਾਂ ਵਿੱਚ ਕੀਤੇ 77 ਪ੍ਰਤੀਸ਼ਤ ਵਾਧੇ ਦਾ ਐਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫੈਡਰੇਸ਼ਨ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ ਅਤੇ ਤਾਲ਼ਾਬੰਦੀ ਖ਼ਤਮ ਹੁੰਦਿਆਂ ਹੀ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ ਹੈ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਵਾਧੇ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਉਕਤ ਫੀਸ ਵਾਧੇ ਬਾਰੇ ਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਗਈ ਜਿਸ ਵਿਚ ਜਿਸ ਵਿੱਚ ਲਖਵਿੰਦਰ ਸਿੰਘ ਜਨਰਲ ਸਕੱਤਰ, ਹਰਵਿੰਦਰ ਸਿੰਘ ਰੌਣੀ ਕਾਰਜਕਾਰੀ ਪ੍ਰਧਾਨ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਸਵਰਨ ਸਿੰਘ, ਲਖਵੀਰ ਸਿੰਘ, ਨਿਰਮਲਜੀਤ ਸਿੰਘ, ਗੁਰਮੀਤ ਸਿੰਘ ਥਾਪਾ, ਕਾਕਾ ਸਿੰਘ, ਬਾਬੂ ਸਿੰਘ, ਅਜਮੇਰ ਸਿੰਘ ਸ਼ਾਮਲ ਸਨ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਗਰੀਬ ਵਰਗ ਨਾਲ ਸਬੰਧਿਤ ਬੱਚਿਆਂ ਨੂੰ ਮੈਡੀਕਲ ਸਿੱਖਿਆ ਤੋਂ ਵਾਂਝੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਡਾ. ਅੰਬੇਡਕਰ ਵੈੱਲਫ਼ੇਅਰ ਮਿਸ਼ਨ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਵੀ ਫੀਸਾਂ ਵਿੱਚ ਵਾਧੇ ਦੀ ਨਿੰਦਾ ਕੀਤੀ ਹੈ।