ਕੁਲਦੀਪ ਸਿੰਘ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਨਗਰ ਨਿਗਮ ਅਧੀਨ ਆਉਂਦੇ ਪਿੰਡ ਰਾਏਪੁਰ ਕਲਾਂ ਵਿੱਚ ਮੁੜ ਖੁੱਲ੍ਹਣ ਜਾ ਰਹੇ ਸ਼ਰਾਬ ਦੇ ਠੇਕੇ ਦਾ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਠੇਕੇ ਲਈ ਨਿਰਧਾਰਿਤ ਥਾਂ ਨੇੜੇ ਧਰਨਾ ਦਿੱਤਾ, ਜਿਸ ਵਿੱਚ ਮੁਹੱਲੇ ਦੇ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਯੂਟੀ ਪ੍ਰਸ਼ਾਸਨ ਅਤੇ ਯੂਟੀ ਐਕਸਾਈਜ਼ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਜਾਣਕਾਰੀ ਦਿੰਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਸਕੱਤਰ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਰਾਏਪੁਰ ਕਲਾਂ ਦੇ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਬੈਦਵਾਨ ਸਮੇਤ ਗੁਰਦੀਪ ਸਿੰਘ ਨੰਬਰਦਾਰ, ਲਾਭ ਸਿੰਘ ਪੰਚ, ਗੁਲਜ਼ਾਰ ਸਿੰਘ ਪੰਚ ਤੇ ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਪਿੰਡ ਦੇ ਸੈਣੀ ਮੁਹੱਲੇ ਵਿੱਚ ਲੋਕਾਂ ਦੇ ਵਿਰੋਧ ਦੇ ਬਾਵਜੂਦ ਸ਼ਨਿਚਰਵਾਰ ਨੂੰ ਰਾਤੋ-ਰਾਤ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਢਾਂਚਾ ਖੜ੍ਹਾ ਕਰ ਦਿੱਤਾ ਗਿਆ। ਐਤਵਾਰ ਸਵੇਰੇ ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਗੁੱਸਾ ਫੈਲ ਗਿਆ। ਲੋਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਵੀ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਗੱਲਬਾਤ ਸੁਣੀ।
ਉਨ੍ਹਾਂ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਵੀ ਇਸੇ ਮੁਹੱਲੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਦੋ ਮਹੀਨੇ ਦਿੱਤੇ ਗਏ ਧਰਨਿਆਂ ਉਪਰੰਤ ਐਕਸਾਈਜ਼ ਵਿਭਾਗ ਨੇ ਇੱਥੇ ਠੇਕਾ ਨਾ ਖੋਲ੍ਹਣ ਦਾ ਭਰੋਸਾ ਦਿੱਤਾ ਸੀ। ਹੁਣ ਮਾਮਲਾ ਠੰਢਾ ਪੈਂਦਿਆਂ ਹੀ ਚੰਡੀਗੜ੍ਹ ਪ੍ਰਸ਼ਾਸਨ ਠੇਕਾ ਖੁੱਲ੍ਹਵਾਉਣ ਲਈ ਕਾਹਲਾ ਹੈ। ਇਸ ਦੌਰਾਨ ਧਰਨਾਕਾਰੀਆਂ ਨੇ ਕਿਹਾ ਕਿ ਪਿੰਡ ਰਾਏਪੁਰ ਕਲਾਂ ਦੇ ਸੈਣੀ ਮੁਹੱਲੇ ਦੇ ਰਿਹਾਇਸ਼ੀ ਖੇਤਰ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹਣ ਨਹੀਂ ਦਿੱਤਾ ਜਾਵੇਗਾ। ਜੇਕਰ ਪ੍ਰਸ਼ਾਸਨ ਜਾਂ ਠੇਕੇਦਾਰ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਬੈਨਰ ਹੇਠ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸੇ ਹੋਰ ਖੇਤਰ ਵਿੱਚ ਇਹ ਠੇਕਾ ਖੋਲ੍ਹਿਆ ਜਾਵੇ।