ਪੱਤਰ ਪ੍ਰੇਰਕ
ਚੰਡੀਗੜ੍ਹ, 26 ਅਗਸਤ
ਸੂਬਾ ਸਰਕਾਰ ਵੱਲੋਂ ਕਾਨੂੰਗੋ ਅਤੇ ਸੀਨੀਅਰ ਸਹਾਇਕਾਂ ਵਿੱਚੋਂ ਪਦਉੱਨਤ ਕੀਤੇ ਨਾਇਬ ਤਹਿਸੀਲਦਾਰਾਂ ਅਤੇ ਸਿੱਧੀ ਭਰਤੀ ਦੇ ਕੋਟੇ ਵਿੱਚੋਂ ਨਾਇਬ ਤਹਿਸੀਲਦਾਰ ਭਰਤੀ ਕਰਨ ਦੇ ਪੀਪੀਐੱਸਸੀ ਵਿੱਚ ਚੱਲ ਰਹੇ ਪ੍ਰੋਸੈੱਸ ਦਾ ਸਬੰਧਤ ਯੂਨੀਅਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਵਿਰੁੱਧ ਸੰਘਰਸ਼ ਕਰਨ ਲਈ ‘ਡੀਸੀ ਦਫ਼ਤਰ ਕਰਮਚਾਰੀ ਯੂਨੀਅਨ’, ‘ਦਿ ਰੈਵੇਨਿਯੂ ਪਟਵਾਰ ਯੂਨੀਅਨ ਪੰਜਾਬ’ ਅਤੇ ‘ਦਿ ਰੈਵੇਨਿਯੂ ਕਾਨੂੰਗੋ ਐਸੋਸੀਏਸ਼ਨ ਪੰਜਾਬ’ ਵੱਲੋਂ ਸਾਂਝੀ ਤਾਲਮੇਲ ਕਮੇਟੀ ਬਣਾਈ ਗਈ ਹੈ ਜਿਸ ਦੀ ਮੀਟਿੰਗ 28 ਅਗਸਤ ਨੂੰ ਲੁਧਿਆਣਾ ਵਿੱਚ ਰੱਖੀ ਗਈ ਹੈ। ਯੂਨੀਅਨ ਆਗੂਆਂ ਗੁਰਨਾਮ ਸਿੰਘ ਵਿਰਕ, ਹਰਬੀਰ ਸਿੰਘ ਢੀਂਡਸਾ, ਸੁਖਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਇਸ ਸਬੰਧੀ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਆਪਸੀ ਵਿਵਾਦਿਤ ਮੁੱਦੇ ਵਿੱਚ ਸ਼ਾਮਲ ਡੀਆਰਏ ਦੀ ਅਸਾਮੀ ਉਤੇ ਪਦਉੱਨਤੀ ਅਤੇ ਨਵੀਂ ਰਚਨਾ ਕਰਵਾਉਣ ਲਈ ਵੀ ਆਪਸੀ ਸਹਿਮਤੀ ਬਣੀ।
ਜ਼ਿਲ੍ਹਾ ਪੱਧਰੀ ਧਰਨਿਆਂ ਦਾ ਐਲਾਨ ਅੱਜ
ਦਿ ਰੈਵੇਨਿਊ ਪਟਵਾਰੀ ਐਸੋਸੀਏਸ਼ਨ ਅਤੇ ਰੈਵੇਨਿਊ ਕਾਨੂੰਗੋ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਪੱਧਰ ’ਤੇ ਧਰਨੇ ਦਿੱਤੇ ਜਾਣਗੇ। ਜ਼ਿਲ੍ਹਾ ਗੁਰਦਾਸਪੁਰ ਵਿੱਚ ਡੀਸੀ ਦਫ਼ਤਰ ਅੱਗੇ ਪਟਵਾਰੀਆਂ ਦਾ ਕੰਮ ਕਲਰਕਾਂ ਤੋਂ ਕਰਵਾਉਣ ਦਾ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ।