ਕੁਲਦੀਪ ਸਿੰਘ
ਚੰਡੀਗੜ੍ਹ, 24 ਜਨਵਰੀ
ਭਾਰਤੀ ਬਾਲ ਭਲਾਈ ਕੌਂਸਲ ਅਧੀਨ ਵੱਖ-ਵੱਖ ਕਰੈੱਚਾਂ ਵਿੱਚ ਕੰਮ ਕਰਦੇ 125 ਤੋਂ ਵੱਧ ਬਾਲ ਸੇਵਕਾਂ ਅਤੇ ਹੈਲਪਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਦੇ ਵਿਰੋਧ ਵਿੱਚ ਅੱਜ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੈਕਟਰ 17 ਸਥਿਤ ਸਮਾਜ ਭਲਾਈ ਵਿਭਾਗ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ। ਇਸ ਦੌਰਾਨ ਪ੍ਰਸ਼ਾਸਕ ਦੇ ਸਲਾਹਕਾਰ, ਸਕੱਤਰ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਫੈਡਰੇਸ਼ਨ ਆਫ਼ ਯੂ.ਟੀ. ਐਂਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਸੱਦੇ ’ਤੇ ਫੈਡਰੇਸ਼ਨ ਦੇ ਪ੍ਰਧਾਨ ਰਘਬੀਰ ਚੰਦ, ਰੇਖਾ ਸ਼ਰਮਾ, ਧਿਆਨ ਸਿੰਘ ਤੇ ਨਸੀਬ ਸਿੰਘ ਥੋਪਲਾਂ ਦੀ ਅਗਵਾਈ ਹੇਠ ਕੀਤੀ ਗਈ ਇਸ ਰੈਲੀ ਵਿੱਚ ਬਿਜਲੀ, ਪਾਣੀ, ਬਾਗਬਾਨੀ, ਪੀ.ਡਬਲਿਊ.ਡੀ. ਰੋਡ, ਆਈ.ਸੀ.ਸੀ.ਡਬਲਿਊ., ਐੱਮ.ਸੀ. ਇਲੈਕਟ੍ਰੀਕਲ, ਐੱਮ.ਸੀ. ਮਨੀਮਾਜਰਾ, ਜੀ.ਐੱਮ.ਐੱਸ.ਐੱਚ ਸੈਕਟਰ 16, ਸਮਾਰਟ ਸਿਟੀ, ਯੂ.ਟੀ ਅਤੇ ਐੱਮ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਆਦਿ ਜਥੇਬੰਦੀਆਂ ਨਾਲ ਜੁੜੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਵੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਰਾਜਿੰਦਰ ਕਟੋਚ, ਰੇਖਾ ਸ਼ਰਮਾ, ਧਿਆਨ ਸਿੰਘ, ਹਰਕੇਸ਼ ਚੰਦ, ਸੁਰਿੰਦਰ ਸਿੰਘ, ਨਸੀਬ ਸਿੰਘ ਥੋਪਲਾਂ ਅਤੇ ਗੁਰਮੀਤ ਸਿੰਘ ਸ਼ਾਮਲ ਸਨ।
ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਰਜਿੰਦਰ ਕਟੋਚ, ਸੁਰਿੰਦਰ ਸਿੰਘ, ਹਰਕੇਸ਼ ਚੰਦ, ਗੁਰਮੀਤ ਸਿੰਘ, ਬਿਹਾਰੀ ਲਾਲ, ਐੱਮ. ਸੁਬਰਾਮਨੀਅਮ, ਅਮਰੀਕ ਸਿੰਘ, ਰਣਜੀਤ ਸਿੰਘ, ਸੁਨੀਤਾ ਸ਼ਰਮਾ, ਰੇਖਾ ਗੋਰਾ, ਤਰੁਣ ਜੈਸਵਾਲ ਆਦਿ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਆਂਗਣਵਾੜੀ ਨੂੰ ਅਪਡੇਟ ਕਰਨ ਦੇ ਨਾਂ ’ਤੇ ਕਰੈੱਚਾਂ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਿਹਾ ਹੈ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਨਾਅਰੇ ਦਾ ਵੀ ਮਜ਼ਾਕ ਉਡਾ ਕੇ ਭਾਰਤੀ ਬਾਲ ਭਲਾਈ ਕੌਂਸਲ ਦੀ ਕਰੋੜਾਂ ਦੀ ਜਾਇਦਾਦ ਹੜੱਪਣ ਦੀਆਂ ਸਾਜਿਸ਼ਾਂ ਰਚ ਰਿਹਾ ਹੈ।
ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਫਿਕਸਡ ਡਿਪਾਜ਼ਿਟ ਅਤੇ ਚਾਲੂ ਖਾਤੇ ’ਚ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਮੁਲਾਜ਼ਮਾਂ ਦੀ ਤਨਖ਼ਾਹ ਕਿਸੇ ਦੀ ਸਹਿਮਤੀ ਲਏ ਬਗੈਰ ਹੀ ਆਂਗਣਵਾੜੀ ਵਰਕਰਾਂ ਦੇ ਬਰਾਬਰ ਕਰ ਦਿੱਤੀ ਗਈ ਹੈ। ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਦੇ ਘੰਟੇ (ਸਕੀਮ ਵਰਕਰ ਮੰਨ ਕੇ) ਦੇ ਹਿਸਾਬ ਨਾਲ ਮਾਣ ਭੱਤਾ ਦਿੱਤਾ ਜਾਂਦਾ ਹੈ, ਪ੍ਰੰਤੂ ਕਰੈੱਚਾਂ ਦੇ ਕਰਮਚਾਰੀ ਰੋਜ਼ਾਨਾ 10-11 ਘੰਟੇ ਲਗਾਤਾਰ ਬੱਚਿਆਂ ਦੀ ਦੇਖਭਾਲ ਕਰਦੇ ਹਨ ਅਤੇ ਫੁੱਲ ਟਾਈਮ ਵਰਕਰ ਹਨ ਅਤੇ ਉਨ੍ਹਾਂ ਨੂੰ ਪੇ-ਸਕੇਲ ਅਤੇ ਡੀ.ਸੀ. ਰੇਟ ਨਹੀਂ ਦਿੱਤਾ ਜਾ ਰਿਹਾ। ਫੈਡਰੇਸ਼ਨ ਆਗੂਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁਲਾਜ਼ਮ, ਯੂਨੀਅਨਾਂ, ਫੈਡਰੇਸ਼ਨਾਂ, ਮਾਪੇ ਅਤੇ ਹੋਰ ਜਮਹੂਰੀ ਜਥੇਬੰਦੀਆਂ ਨੂੰ ਇਸ ਵਧੀਕੀ ਖਿਲਾਫ਼ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕਰਦਿਆਂ 30 ਜਨਵਰੀ ਨੂੰ ਕੀਤੀ ਜਾ ਰਹੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।