ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਸਤੰਬਰ
ਇੱਥੋਂ ਦੇ ਫੇਜ਼-3ਬੀ1 ਸਥਿਤ ਸਰਕਾਰੀ ਹਸਪਤਾਲ ਦੀ ਇਮਾਰਤ ਵਿੱਚ ਲੀਵਰ ਐਂਡ ਬਿਲੀਅਰੀ ਸਾਇੰਸਿਜ਼ ਇੰਸਟੀਚਿਊਟ ਬਣਾਉਣ ਦਾ ਪਹਿਲੇ ਹੀ ਪੜਾਅ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇਕਰ ਇਹ ਹਸਪਤਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਬੂਹਾ ਵੀ ਖੜਕਾਇਆ ਜਾਵੇਗਾ।
ਸ੍ਰੀ ਬੇਦੀ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਲੀਵਰ ਅਤੇ ਬਿਲੀਅਰੀ ਸਾਇੰਸਜ਼ ਇੰਸਟੀਚਿਊਟ ਖੋਲ੍ਹੇ ਜਾਣ ਦੇ ਖ਼ਿਲਾਫ਼ ਨਹੀਂ ਹਨ ਪਰ ਉਹ ਚੰਗਾ ਭਲਾ ਚਲਦਾ ਹਸਪਤਾਲ ਵੀ ਬੰਦ ਨਹੀਂ ਹੋਣ ਦੇਣਗੇ। ਉਨ੍ਹਾਂ ਸੁਝਾਅ ਦਿੱਤਾ ਕਿ ਮੁਹਾਲੀ ਵਿੱਚ ਬਹੁਤ ਥਾਂ ਖਾਲੀ ਪਈ ਹੈ, ਕਿਸੇ ਢੁਕਵੀਂ ਥਾਂ ’ਤੇ ਇੰਸਟੀਚਿਊਟ ਬਣਾਇਆ ਜਾ ਸਕਦਾ ਹੈ ਜਾਂ ਨਾਲ ਵਾਲੀ ਬਿਲਡਿੰਗ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਹਸਪਤਾਲ ਸ਼ਹਿਰ ਵਾਸੀਆਂ ਦੀਆਂ ਸਿਹਤ ਸੇਵਾਵਾਂ ਸਬੰਧੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਪਰ ਹੁਣ ਇੱਥੋਂ ਦੇ ਡਾਕਟਰਾਂ ਨੂੰ ਤਬਦੀਲ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਸਰਕਾਰ ਹਸਪਤਾਲ ਬੰਦ ਕਰਨਾ ਚਾਹੁੰਦੀ ਹੈ। ਡਿਪਟੀ ਮੇਅਰ ਨੇ ਕਿਹਾ ਕਿ ਉਹ ਇਸ ਸਬੰਧੀ ਸਿਹਤ ਮੰਤਰੀ ਨੂੰ ਮਿਲਣਗੇ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਬੂਹਾ ਖੜਕਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕ ਇਸ ਮੁੱਦੇ ’ਤੇ ਸਿਆਸਤ ਛੱਡ ਕੇ ਸਾਂਝੀ ਲੜਾਈ ਲੜੀ ਜਾਵੇ।