ਪੱਤਰ ਪ੍ਰੇਰਕ
ਮੋਰਿੰਡਾ, 25 ਅਗਸਤ
ਮੋਰਿੰਡਾ ਬਲਾਕ ਦੇ ਪਿੰਡ ਡੂਮਛੇੜੀ ਵਿੱਚ ਪਿੰਡ ਵਿੱਚ ਸਕੂਲ ਦੇ ਨੇੜੇ ਸੌਲਿਡ ਵੇਸਟ ਟਰੀਟਮੈਂਟ ਪਲਾਂਟ ਲਗਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਪਿੰਡ ਵਾਸੀਆਂ ਨੇ ਸਕੂਲ ਸਾਹਮਣੇ ਅਜਿਹੇ ਕਿਸੇ ਵੀ ਪਲਾਂਟ ਨੂੰ ਨਾ ਲੱਗਣ ਦੇਣ ਦਾ ਐਲਾਨ ਕੀਤਾ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਸਕੂਲ ਦੇ ਨੇੜੇ ਕੂੜੇ ਦਾ ਡੰਪ, (ਕੂੜਾ ਟਰੀਟਮੈਂਟ ਪਲਾਂਟ) ਸ਼ੁਰੂ ਕਰਨ ਆਏ ਅਧਿਕਾਰੀ ਅਤੇ ਮਜ਼ਦੂਰਾਂ ਨੂੰ ਪਿੰਡ ਵਾਸੀਆਂ ਦੇ ਜ਼ਬਰਦਸਤ ਵਿਰੋਧ ਉਪਰੰਤ ਬੇਰੰਗ ਮੁੜਨਾ ਪਿਆ। ਕਿਸਾਨ ਆਗੂ ਇਕਬਾਲ ਸਿੰਘ ਡੂਮਛੇੜੀ ਅਤੇ ਜਗਮੋਹਨ ਸਿੰਘ ਭੁੱਲਰ, ਸਾਬਕਾ ਪੰਚਾਇਤ ਮੈਂਬਰ ਹਰਜੀਤ ਸਿੰਘ, ਗੁਰਦੁਆਰਾ ਕਮੇਟੀ ਮੈਂਬਰ ਸੁਰਿੰਦਰ ਸਿੰਘ, ਜਗਦੀਪ ਸਿੰਘ ਜੱਗੀ, ਦਲਜੀਤ ਸਿੰਘ ਦੱਲੀ ਆਦਿ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਜਿਸ ਜਗ੍ਹਾ ਨੂੰ ਪਲਾਂਟ ਲਗਾਉਣ ਲਈ ਚੁਣਿਆ ਗਿਆ ਹੈ ਇਸ ਦੇ ਬਿਲਕੁਲ ਨਾਲ ਜੰਝ ਘਰ, ਪਿੰਡ ਦਾ ਪ੍ਰਾਇਮਰੀ ਸਕੂਲ, ਸਕੂਲ ਦੇ ਬੱਚਿਆਂ ਲਈ ਮਿੱਡ-ਡੇਅ ਮੀਲ ਤਿਆਰ ਕਰਨ ਵਾਲਾ ਰਸੋਈ ਘਰ, ਪਹਿਲਵਾਨਾਂ ਦਾ ਅਖਾੜਾ, ਖੇਡ ਮੈਦਾਨ ਅਤੇ ਪਿੰਡ ਦੀ ਆਬਾਦੀ ਨਾਲ ਲੱਗਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਇਹ ਪਲਾਂਟ ਬਣਨ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ।
ਇਸ ਸਬੰਧੀ ਬੀਡੀਪੀਓ ਮੋਰਿੰਡਾ ਹਰਕੀਤ ਸਿੰਘ ਨੇ ਕਿਹਾ ਕਿ ਇੱਥੇ ਸੌਲਿਡ ਵੇਸਟ ਟਰੀਟਮੈਂਟ ਪਲਾਂਟ ਲਗਾਉਣ ਨਾਲ ਕਿਸੇ ਤਰ੍ਹਾਂ ਦੀ ਕੋਈ ਬਦਬੂ ਨਹੀਂ ਫੈਲੇਗੀ ਤੇ ਨਾ ਹੀ ਕੋਈ ਮੱਖੀ ਜਾਂ ਮੱਛਰ ਪੈਦਾ ਹੋਣਗੇ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਕੀਤੇ ਵਿਰੋਧ ਬਾਰੇ ਕਿਹਾ ਕਿ ਜੇ ਪਿੰਡ ਵਾਸੀ ਕੋਈ ਹੋਰ ਜਗ੍ਹਾ ਦੇਣਗੇ ਤਾਂ ਉਨ੍ਹਾਂ ਦੀ ਸਹਿਮਤੀ ਨਾਲ ਇਹ ਪਲਾਂਟ ਉੱਥੇ ਵੀ ਲਗਾਇਆ ਜਾ ਸਕਦਾ।