ਪੱਤਰ ਪ੍ਰੇਰਕ
ਚੰਡੀਗੜ੍ਹ, 20 ਫ਼ਰਵਰੀ
ਇਥੋਂ ਦੀ ਨਗਰ ਨਿਗਮ ਵੱਲੋਂ ਸੈਕਟਰ-42 ਵਿੱਚ ਬਣਾਏ ਜਾਣ ਵਾਲੇ ਡੌਗ-ਪਾਰਕ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸਬੰਧ ਵਿੱਚ ਸਿਟੀਜ਼ਨ ਵੈੱਲਫ਼ੇਅਰ ਸੁਸਾਇਟੀ ਸੈਕਟਰ 42-ਬੀ ਵੱਲੋਂ ਨਿਗਮ ਦੇ ਮੇਅਰ ਨੂੰ ਪੱਤਰ ਭੇਜ ਕੇ ਇਸ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਵਾਰਡ ਨੰਬਰ 10 ਤੋਂ ਨਿਗਮ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਦੀ ਅਗਵਾਈ ਵਿੱਚ ਵਫ਼ਦ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬੁਟਰੇਲਾ ਨੇ ਕਿਹਾ ਕਿ ਜਿਸ ਪਾਰਕ ਵਿੱਚ ਇਹ ਡੌਗ-ਪਾਰਕ ਉਸਾਰਨ ਦੀ ਤਜਵੀਜ਼ ਰੱਖੀ ਗਈ ਹੈ, ਉਸ ਪਾਰਕ ਦੀ ਪਹਿਲਾਂ ਹੀ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਦੇਖਰੇਖ ਕੀਤੀ ਜਾਂਦੀ ਹੈ। ਇਸ ਖੇਤਰ ਵਿੱਚ ਇੱਕ ਵੱਡਾ ਕਾਲਜ ਤੇ ਸਪੋਰਟਸ ਕੰਪਲੈਕਸ ਵੀ ਸਥਿਤ ਹੈ। ਇਸ ਲਈ ਸੈਕਟਰ-42 ਦੇ ਰਿਹਾਇਸ਼ੀ ਖੇਤਰ ਵਿੱਚ ਡੌਗ-ਪਾਰਕ ਉਸਾਰਨਾ ਜਾਇਜ਼ ਨਹੀਂ ਹੈ। ਇਸ ਲਈ ਲੋਕਾਂ ਦੀ ਮੰਗ ਹੈ ਕਿ ਡੌਗ-ਪਾਰਕ ਇਸ ਥਾਂ ਬਣਾਉਣ ਦੀ ਬਜਾਏ ਕਿਸੇ ਹੋਰ ਖੇਤਰ ਵਿੱਚ ਉਸਾਰਿਆ ਜਾਵੇ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਬੱਚੇ ਖੇਡਦੇ ਹਨ ਤੇ ਬਜ਼ੁਰਗ ਸੈਰ ਕਰਦੇ ਹਨ। ਡੌਗ ਪਾਰਕ ਕਾਰਨ ਇਨ੍ਹਾਂ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ।