ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 16 ਅਗਸਤ
ਮੁਹਾਲੀ ਤਹਿਸੀਲ ਦੇ ਪਿੰਡ ਬੜੀ ਵਿਚ ਪ੍ਰਾਈਵੇਟ ਹਸਪਤਾਲ ਨੂੰ ਪੰਚਾਇਤ ਦੀ ਸ਼ਾਮਲਾਟ ਜ਼ਮੀਨ 33 ਸਾਲਾਂ ਲਈ ਲੀਜ਼ ਉੱਤੇ ਦੇਣ ਲਈ ਪੰਚਾਇਤ ਕੋਲ ਆਈ ਤਜਵੀਜ਼ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਦੇ ਬਹੁਗਿਣਤੀ ਪੰਚਾਂ ਅਤੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਬੀਡੀਪੀਓ ਦਫ਼ਤਰ ਖਰੜ ਵਿਖੇ ਪਿਛਲੇ ਦਿਨੀਂ ਪੰਚਾਇਤ ਦੀ ਮੀਟਿੰਗ ਵਿੱਚ ਜ਼ਮੀਨ ਸਬੰਧੀ ਮਤੇ ਲਈ ਕਾਰਵਾਈ ਰਜਿਸਟਰ ਦੇ ਖਾਲੀ ਕਾਗਜ਼ਾਂ ਉੱਤੇ ਹਸਤਾਖਰ ਕਰਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਪੰਚ ਸੰਦੀਪ ਕੌਰ, ਗੁਰਪ੍ਰੀਤ ਸਿੰਘ ਪੰਚ, ਰਾਜ ਕੌਰ ਪੰਚ, ਮੇਵਾ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ ਸਾਬਕਾ ਸਰਪੰਚ, ਸੋਨੀ ਬੜੀ, ਕਮਲਜੀਤ ਸਿੰਘ, ਪਵਨਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਸਾਬਕਾ ਪੰਚ, ਦੀਦਾਰ ਸਿੰਘ ਸਾਬਕਾ ਪੰਚ, ਅਮਰੀਕ ਸਿੰਘ ਸਾਬਕਾ ਸਰਪੰਚ ਆਦਿ ਨੇ ਅੱਜ ਪਿੰਡ ਵਿੱਚ ਮੀਟਿੰਗ ਕਰਕੇ ਆਖਿਆ ਕਿ ਐਰੋਸਿਟੀ ਦੇ ਮੁਹਾਲੀ ਸਿਟੀ ਸੈਂਟਰ ਦੇ ਬਿਲਕੁੱਲ ਨਾਲ ਲੱਗਦੀ ਹਜ਼ਾਰ ਕਰੋੜ ਤੋਂ ਵੱਧ ਕੀਮਤ ਵਾਲੀ ਪੰਚਾਇਤੀ ਜ਼ਮੀਨ ਉਹ ਕਿਸੇ ਵੀ ਕੀਮਤ ਉੱਤੇ ਲੀਜ਼ ’ਤੇ ਨਹੀਂ ਦੇਣ ਦੇਣਗੇ। ਉਨ੍ਹਾਂ ਕਿਹਾ ਕਿ ਬੀਡੀਪੀਓ ਖਰੜ ਵੱਲੋਂ ਇਸ ਸਬੰਧੀ 6 ਅਗਸਤ ਨੂੰ ਪੰਚਾਇਤ ਦੀ ਮੀਟਿੰਗ ਬੁਲਾਕੇ ਕਾਰਵਾਈ ਰਜਿਸਟਰ ਵਿੱਚ ਖਾਲੀ ਪੰਨੇ ਛੱਡ ਕੇ ਪੰਚਾਂ ਦੇ ਹਸਤਾਖਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣ ਦੇਣਗੇ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਪਿੰਡ ਵਿੱਚ ਗ੍ਰਾਮ ਸਭਾ ਦੀ ਇਕੱਤਰਤਾ ਬੁਲਾਕੇ ਸਮੁੱਚਾ ਮਾਮਲਾ ਪਿੰਡ ਵਾਸੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਪਿੰਡ ਦੇ ਸਰਪੰਚ ਮਨਫ਼ੂਲ ਸਿੰਘ ਨੇ ਆਖਿਆ ਕਿ ਪੰਚਾਂ ਅਤੇੇ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਪੰਚਾਇਤ ਜ਼ਮੀਨ ਲੀਜ਼ ਉੱਤੇ ਦੇਣ ਲਈ ਕੋਈ ਮਤਾ ਨਹੀਂ ਪਾਵੇਗੀ। ਉਨ੍ਹਾਂ ਕਿਹਾ ਕਿ 6 ਅਗਸਤ ਨੂੰ ਇਸ ਸਬੰਧੀ ਖਰੜ ਦੇ ਬੀਡੀਪੀਓ ਦਫ਼ਤਰ ਵਿਖੇ ਪੰਚਾਇਤ ਦੀ ਮੀਟਿੰਗ ਬੁਲਾਈ ਗਈ ਸੀ ਤੇ ਅਜੇ ਪੰਚਾਂ ਦੀ ਹਾਜ਼ਰੀ ਲਗਾਉਣ ਦਾ ਕੰਮ ਚੱਲ ਰਿਹਾ ਸੀ ਕਿ ਇੱਕ ਮਹਿਲਾ ਪੰਚ ਦਾ ਪਰਿਵਾਰਕ ਮੈਂਬਰ ਤੇ ਦੋ ਹੋਰ ਪੰਚ ਮੀਟਿੰਗ ਵਿੱਚੋਂ ਬਾਹਰ ਆ ਗਏ ਤੇ ਕੋਰਮ ਪੂਰਾ ਨਾ ਹੋਣ ਕਾਰਨ ਮੀਟਿੰਗ ਮੁਲਤਵੀ ਹੋ ਗਈ।
ਪੰਚਾਇਤ ਦੀ ਸਹਿਮਤੀ ਬਿਨਾਂ ਨਹੀਂ ਦਿੱਤੀ ਜਾਵੇਗੀ ਜ਼ਮੀਨ: ਬੀਡੀਪੀਓ
ਖਰੜ ਬਲਾਕ ਦੇ ਬੀਡੀਪੀਓ ਹਿਤੇਸ਼ ਕਪਿਲਾ ਨੇ ਆਖਿਆ ਕਿ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਹਸਪਤਾਲ ਨੂੰ ਲੀਜ਼ ਉੱਤੇ ਕੋਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 6 ਅਗਸਤ ਦੀ ਮੀਟਿੰਗ ਵਿੱਚ ਕਿਸੇ ਖਾਲੀ ਰਜਿਸਟਰ ਉੱਤੇ ਹਸਤਾਖਰ ਨਹੀਂ ਕਰਾਏ ਗਏ, ਸਗੋਂ ਮੀਟਿੰਗ ਆਰੰਭ ਹੋਣ ਸਮੇਂ ਕਾਰਵਾਈ ਰਜਿਸਟਰ ਵਿੱਚ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਸਬੰਧੀ ਹਸਤਾਖਰ ਕਰਵਾਏ ਜਾਣੇ ਸਨ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਪਿੰਡ ਦੇ ਇਕ ਵਿਅਕਤੀ ਨੇ ਮੀਟਿੰਗ ਵਿੱਚ ਰੌਲਾ ਪਾਇਆ ਅਤੇ ਦੋ ਹੋਰ ਮੈਂਬਰ ਵੀ ਬਾਹਰ ਚਲੇ ਗਏ, ਜਿਸ ਮਗਰੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ।