ਆਤਿਸ਼ ਗੁਪਤਾ
ਚੰਡੀਗੜ੍ਹ, 11 ਨਵੰਬਰ
ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ ’ਤੇ ਸਥਿਤ ਸਿਟੀ ਬਿਊਟੀਫੁਲ ਦੇ ਪਿੰਡ ਫੈਦਾਂ ਵਿੱਚੋਂ ਲੰਘਦੇ ਐੱਨ ਚੋਅ ਦੇ ਨਾਲ-ਨਾਲ ਸੀਵਰੇਜ ਪਾਈਪਲਾਈਨ ਪਾਉਣ ਲਈ ਮਕਾਨ ਢਾਹੁਣ ਆਏ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦੀ ਟੀਮ ਦਾ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ। ਇਸ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ, ਇਲਾਕਾ ਕੌਂਸਲਰ ਜਸਬੀਰ ਸਿੰਘ ਲਾਡੀ ਤੇ ਕੌਂਸਲਰ ਸਤਿੰਦਰ ਪਾਲ ਸਿੰਘ ਸਿੱਧੂ ਸਣੇ ਸਮੂਹ ਇਲਾਕਾ ਵਾਸੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਐੱਸਡੀਐੱਮ (ਪੂਰਵੀ) ਨਿਤੀਸ਼ ਸਿੰਗਲਾ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਵਿਰੋਧ ਕਰ ਕੇ ਪ੍ਰਸ਼ਾਸਨ ਤੇ ਨਿਗਮ ਦੀ ਟੀਮ ਨੂੂੰ ਬਿਨਾਂ ਕਾਰਵਾਈ ਪਰਤਣਾ ਪਿਆ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਫੈਦਾਂ ਦਾ ਗੰਦਾ ਪਾਣੀ ਬਿਨਾਂ ਟਰੀਟਮੈਂਟ ਤੋਂ ਐੱਨ ਚੋਅ ’ਚ ਡਿੱਗਣ ’ਤੇ ਐੱਨਜੀਟੀ ਨੇ ਇਤਰਾਜ਼ ਜ਼ਾਹਿਰ ਕੀਤਾ ਸੀ ਤੇ ਇਸ ਦੇ ਹੱਲ ਦੇ ਨਿਰਦੇਸ਼ ਦਿੱਤੇ ਸਨ। ਇਸ ਮਗਰੋਂ ਯੂਟੀ ਪ੍ਰਸ਼ਾਸਨ ਨੇ ਐੱਨ ਚੋਅ ਨਾਲ ਸੀਵਰੇਜ ਦਾ ਫ਼ੈਸਲਾ ਕੀਤਾ ਸੀ।
ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ, ਇਲਾਕਾ ਕੌਂਸਲਰ ਜਸਬੀਰ ਸਿੰਘ ਲਾਡੀ ਤੇ ਕੌਂਸਲਰ ਸਤਿੰਦਰ ਪਾਲ ਸਿੰਘ ਸਿੱਧੂ ਤੇ ਲੋਕਾਂ ਨੇ ਯੂਟੀ ਪ੍ਰਸ਼ਾਸਨ ਤੇ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਪ੍ਰਾਈਵੇਟ ਥਾਂ ’ਤੇ ਬਣੇ ਮਕਾਨਾਂ ਨੂੰ ਢਾਹ ਕੇ ਸਰਕਾਰੀ ਪਾਈਪਲਾਈਨ ਪਾਉਣਾ ਚਾਹੁੰਦਾ ਹੈ ਜਦੋਂਕਿ ਇਸ ਲਈ ਸਰਕਾਰੀ ਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਕਾਨ ਢਾਹੁਣ ਦੀ ਥਾਂ ਪਿੰਡ ਵਿੱਚ ਐਕੁਆਇਰ ਕੀਤੀ ਸਰਕਾਰੀ ਥਾਂ ’ਤੇ ਸੀਵਰੇਜ ਪਾਇਆ ਜਾਵੇ। ਇਲਾਕਾ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਫੈਦਾਂ ਦੇ ਲੋਕਾਂ ਨੂੰ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੱਖਿਆ ਹੋਇਆ ਹੈ, ਹੁਣ ਮਕਾਨ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਪਿੰਡਾਂ ਦੇ ਲੋਕਾਂ ਨਾਲ ਧੱਕੇਸ਼ਾਹੀ ਕਰਨਾ ਬੰਦ ਕਰੇ: ਸਿੱਧੂ
ਚੰਡੀਗੜ੍ਹ ਸਟੇਟ ਕੋਅਪ੍ਰੇਟਿਵ ਬੈਂਕ ਦੇ ਡਾਇਰੈਕਟਰ ਤੇ ਕੌਂਸਲਰ ਸਤਿੰਦਰ ਪਾਲ ਸਿੰਘ ਸਿੱਧੂ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਪਿੰਡਾਂ ਦੇ ਲੋਕਾਂ ਨਾਲ ਧੱਕੇਸ਼ਾਹੀ ਬੰਦ ਕਰੇ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਵਿਕਾਸ ਦੇ ਨਾਮ ’ਤੇ ਪਿੰਡਾਂ ਦੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।