ਪੱਤਰ ਪ੍ਰੇਰਕ
ਚੰਡੀਗੜ੍ਹ, 10 ਮਈ
ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਤੋਂ ਜ਼ਬਰਦਸਤੀ ਹੋਸਟਲ ਖਾਲੀ ਕਰਵਾਉਣ ਦਾ ਅੱਜ ਵਿਦਿਆਰਥੀਆਂ ਵੱਲੋਂ ਭਾਂਡੇ ਖੜਕਾ ਕੇ ਵਿਰੋਧ ਕੀਤਾ ਗਿਆ।
ਰੋਹ ਵਿੱਚ ਆਏ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨਾਲ ਸਬੰਧਿਤ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਨੇ ਪਹਿਲਾਂ ਤਾਂ ’ਵਰਸਿਟੀ ਦੇ ਪ੍ਰਬੰਧਕੀ ਬਲਾਕ ਦਾ ਘਿਰਾਓ ਕੀਤਾ ਜਿਸ ਦੇ ਚਲਦਿਆਂ ਤਿੰਨ-ਚਾਰ ਘੰਟੇ ਤੱਕ ਵਿਦਿਆਰਥੀ ਉਥੇ ਹੀ ਬੈਠੇ ਰਹੇ ਅਤੇ ਮੈਨੇਜਮੈਂਟ ਦੀਆਂ ਨੀਤੀਆਂ ਨੂੰ ਵਿਦਿਆਰਥੀ ਵਿਰੋਧੀ ਗਰਦਾਨਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਉਨ੍ਹਾਂ ਨੇ ਗਰਲਜ਼ ਹੋਸਟਲ ਨੰਬਰ 3 ਅਤੇ 4 ਦੇ ਵਾਰਡਨਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਅਤੇ ਭਾਂਡੇ ਖੜਕਾ ਕੇ ਆਪਣੀ ਗੱਲ ਵਾਰਡਨਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਵਿਦਿਆਰਥੀ ਆਗੂਆਂ ਵਿੱਚ ਐਸ.ਐਫ.ਐਸ. ਤੋਂ ਸੰਦੀਪ, ਪੀ.ਐਸ.ਯੂ. ਲਲਕਾਰ ਤੋਂ ਅਮਨ ਅਤੇ ਅਮਨਦੀਪ ਸਿੰਘ, ਐਨ.ਐਸ.ਯੂ.ਆਈ. ਤੋਂ ਮੁਕੁਲ, ਏ.ਐਫ.ਐਸ.ਐਸ. ਤੋਂ ਪਰਮ ਆਦਿ ਨੇ ਕਿਹਾ ਕਿ ਪੀ.ਯੂ. ਪ੍ਰਸ਼ਾਸਨ ਵੱਲੋਂ 9 ਮਈ ਨੂੰ ਹੋਸਟਲ ਖਾਲੀ ਕਰਨ ਦਾ ਫੁਰਮਾਨ ਜਾਰੀ ਕਰਕੇ ਵਿਦਿਆਰਥੀਆਂ ਨੂੰ ਹੋਸਟਲਾਂ ’ਚੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ ਅਤੇ ਹੋਸਟਲ ਨੰਬਰ 4 ਦੀ ਮੈੱਸ ਵੀ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਕੈਂਪਸ ਵਿੱਚ ਪੀ.ਯੂ. ਦਾ ਸਟਾਫ਼ ਅਤੇ ਅਧਿਕਾਰੀ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ ਤਾਂ ਫਿਰ ਵਿਦਿਆਰਥੀਆਂ ਦੇ ਹੋਸਟਲਾਂ ਵਿੱਚ ਰਹਿਣ ਤੋਂ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਰਿਸਰਚ ਦਾ ਕੰਮ ਪਹਿਲਾਂ ਹੀ ਕਾਫ਼ੀ ਲੇਟ ਹੈ, ਐਕਸਟੈਂਸ਼ਨ ਲਈ ਵਿਦਿਆਰਥੀਆਂ ਤੋਂ ਫੀਸਾਂ ਲੈ ਰਹੀ ਹੈ ਜਿਸ ਕਾਰਨ ਵਿਦਿਆਰਥੀ ਕਾਫ਼ੀ ਤੰਗ ਹੋ ਰਹੇ ਹਨ। ਕਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਯੂਨੀਵਰਸਿਟੀ ਦਾ ਇਹੋ ਜਿਹਾ ਵਤੀਰਾ ਨਿੰਦਣਯੋਗ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਫ਼ੈਸਲਾ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਉਹ ਹੋਸਟਲ ਨਹੀਂ ਛੱਡਣਗੇ।