ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਕਤੂਬਰ
ਸਮਾਰਟ ਸਿਟੀ ਯੋਜਨਾਂ ਤਹਿਤ ਸ਼ਹਿਰ ਵਿੱਚ ਗਿੱਲਾ ਤੇ ਸੁੱਕਾ ਕੂੜਾ ਸਰੋਤ ਪੱਧਰ ਤੋਂ ਹੀ ਇਕੱਠਾ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਲਮੇਂ ਸਮੇਂ ਤੋਂ ਇਸ ਯੋਜਨਾਂ ਨੂੰ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਯੋਜਨਾਂ ਨੂੰ ਲੈ ਕੇ ਨਿਗਮ ਨੇ ਸ਼ਹਿਰ ਵਿੱਚ ਸੁੱਕਾ ਤੇ ਗਿੱਲਾ ਕੂੜਾ ਵੱਖਰਾ-ਵੱਖਰਾ ਇਕੱਤਰ ਕਰਨ ਲਈ ਸਪੈਸ਼ਲ ਡਿਜ਼ਾਈਨ ਕੀਤੇ 390 ਵਾਹਨਾਂ ਦੀ ਖਰੀਦ ਲਈ ਟੈਂਡਰ ਲਗਾ ਕੇ ਆਰਡਰ ਦੇ ਦਿੱਤੇ ਹਨ, ਪਰ ਇਨ੍ਹਾਂ ਵਾਹਨਾਂ ਦੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੁਸਾਇਟੀ ਨੇ ਇਸ ਯੋਜਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਯੋਜਨਾਂ ਨੂੰ ਲੈ ਕੇ ਪਿਛਲੇ ਸਾਲ ਵੀ ਗਾਰਬੇਜ ਕੁਲੈਕਸ਼ਨ ਸੁਸਾਇਟੀ ਦੇ ਵਿਰੋਧ ਨੂੰ ਲੈ ਕੇ ਤਤਕਾਲੀ ਮੇਅਰ ਰਾਜੇਸ਼ ਕਾਲੀਆ ਨੇ ਗਾਰਬੇਜ ਕੁਲੈਕਟਰਜ਼ ਨੂੰ ਨਿਗਮ ਵੱਲੋਂ ਕੂੜਾ ਇਕੱਤਰ ਕਰਨ ਲਈ ਲਗਾਏ ਜਾਣ ਵਾਲੇ ਵਾਹਨਾਂ ਉੱਤੇ ਤਾਇਨਾਤ ਕਰਨ ਦਾ ਭਰੋਸਾ ਦੇ ਕੇ ਯੋਜਨਾਂ ਲਾਗੂ ਕਰਨ ਲਈ ਤਿਆਰ ਕਰ ਲਿਆ ਸੀ। ਇਸ ਬਾਰੇ ਬਕਾਇਦਾ ਇੱਕ ਸਹਿਮਤੀ ਪੱਤਰ ’ਤੇ ਵੀ ਸੁਸਾਇਟੀ ਵੱਲੋਂ ਹਸਤਾਖਰ ਕੀਤੇ ਗਏ ਸਨ। ਸੁਸਾਇਟੀ ਦੇ ਚੇਅਰਮੈਨ ਓਮਪ੍ਰਕਾਸ਼ ਸੈਣੀ ਦਾ ਕਹਿਣਾ ਹੈ ਕਿ ਨਿਗਮ ਨਾਲ ਇਹ ਤੈਅ ਹੋਇਆ ਸੀ ਇਸ ਯੋਜਨਾਂ ਨੂੰ ਲਾਗੂ ਕਰਨ ਤੋਂ ਪਹਿਲਾ ਬਕਾਇਦਾ ਇੱਕ ਸਮਝੌਤਾ ਪੱਤਰ ਤਿਆਰ ਕੀਤਾ ਜਾਵੇਗਾ, ਪਰ ਨਿਗਮ ਅਧਿਕਾਰੀ ਇਸ ਬਾਰੇ ਤਿਆਰ ਸਮਝੌਤਾ ਪੱਤਰ ਤੇ ਹਸਤਾਖਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦੇਖਣ ਨਹੀਂ ਦੇ ਰਹੇ। ਸੁਸਾਇਟੀ ਦੇ ਪ੍ਰਧਾਨ ਜੈ ਕਿਸ਼ਨ ਦੁਲਾ ਨੇ ਕਿਹਾ ਕਿ ਜੇਕਰ ਨਿਗਮ ਨੇ ਇਹ ਵਾਹਨ ਖਰੀਦਣ ਦਾ ਫੈ਼ਸਲਾ ਵਾਪਸ ਨਹੀਂ ਲਿਆ ਤਾਂ ਉਹ ਹੜਤਾਲ ਕਰਨ ਲਈ ਮਜਬੂਰ ਹੋਣਗੇ।