ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜਨਵਰੀ
ਯੂਟੀ ਦੇ ਸਰਕਾਰੀ ਤੇ ਸਰਕਾਰੀ ਏਡਿਡ ਸਕੂਲਾਂ ਵਿੱਚ ਕਰੋਨਾ ਕਾਰਨ 50 ਫੀਸਦੀ ਸਟਾਫ ਸੱਦਣ ਦੇ ਹੁਕਮ ਅੱਜ ਜਾਰੀ ਹੋਏ ਹਨ। ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਧਿਆਪਕਾਂ ਦੀਆਂ ਰੋਸਟਰ ਅਨੁਸਾਰ ਡਿਊਟੀਆਂ ਲਾਉਣ ਤੇ ਇਸ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਈ ਜਾਵੇ। ਰੈਗੂਲਰ ਟਾਈਮ ਟੇਬਲ ਅਨੁਸਾਰ ਅਧਿਆਪਕਾਂ ਦੀਆਂ ਡਿਊਟੀਆਂ ਬਦਲ ਕੇ ਲਾਈਆਂ ਜਾਣ। ਇਸ ਦੌਰਾਨ ਸਕੂਲ ਮੁਖੀ ਰੋਜ਼ਾਨਾ ਸਕੂਲ ਆਉਣਗੇ ਤੇ ਉਹ ਸਕੂਲਾਂ ਵਿੱਚ ਕਰੋਨਾ ਨਿਯਮਾਂ ਦਾ ਪਾਲਣ ਕਰਨਾ ਯਕੀਨੀ ਬਣਾਉਣਗੇ। ਇਸ ਤੋਂ ਪਹਿਲਾਂ ਪ੍ਰਸ਼ਾਸਕ ਦੇ ਸਲਾਹਕਾਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਰੋਨਾ ਸਾਵਧਾਨੀਆਂ ਵਜੋਂ ਵੱਖ-ਵੱਖ ਹੁਕਮ ਜਾਰੀ ਕੀਤੇ ਸਨ ਤੇ ਸਕੂਲਾਂ ਵਿੱਚ ਪੂਰਾ ਸਟਾਫ ਸੱਦਿਆ ਜਾ ਰਿਹਾ ਸੀ ਜਿਸ ਦਾ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਦੀ ਅਗਵਾਈ ਹੇਠ ਅਧਿਆਪਕਾਂ ਨੇ ਵਿਰੋਧ ਕੀਤਾ ਸੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ-1 ਨੇ ਅੱਜ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕਰ ਕੇ ਕਿਹਾ ਕਿ ਅਧਿਆਪਕਾਂ ਵੱਲੋਂ ਅਜਿਹਾ ਪਾਠਕ੍ਰਮ ਤਿਆਰ ਕਰਵਾਇਆ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਇਸ ਲਈ ਅਧਿਆਪਕ ਗੂਗਲ ਮੀਟ, ਜ਼ੂਮ ਤੇ ਵੈਬ ਐਕਸ ਜ਼ਰੀਏ ਕਲਾਸਾਂ ਲੈਣ। ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਨਲਾਈਨ ਪੜ੍ਹਾਈ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ। ਕਰੋਨਾ ਕਾਰਨ ਜੇ ਕਿਸੇ ਵਿਦਿਆਰਥੀ ਨੂੰ ਮਨੋਵਿਗਿਆਨਕ ਪੱਧਰ ’ਤੇ ਸਮੱਸਿਆ ਆਉਂਦੀ ਹੈ ਤਾਂ ਵਿਦਿਆਰਥੀ ਦੀ ਕਾਊਂਸਲਿੰਗ ਕਰਵਾਈ ਜਾਵੇ।
ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਯਤਨ
ਡੀਈਓ ਨੇ ਹੁਕਮ ਜਾਰੀ ਕਰ ਕੇ ਕਿਹਾ ਕਿ ਜੇ ਕੋਈ ਵਿਦਿਆਰਥੀ ਕਿਸੇ ਕਾਰਨ ਆਨਲਾਈਨ ਜਮਾਤਾਂ ਨਹੀਂ ਲਾ ਸਕਦਾ ਤਾਂ ਉਸ ਵਿਦਿਆਰਥੀ ਨੂੰ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਇਸ ਲਈ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲਾਂ ਤੋਂ ਪੜ੍ਹਨ ਸਮੱਗਰੀ ਲਿਆਉਣ ਲਈ ਵੀ ਕਿਹਾ ਜਾਵੇ। ਇਸ ਤੋਂ ਇਲਾਵਾ ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਜਮਾਤਾਂ ਲਾਉਣ ਦੇ ਪ੍ਰਬੰਧ ਕੀਤੇ ਜਾਣ ਤੇ ਜਮਾਤਾਂ ਨਾ ਲਾਉਣ ਵਾਲਿਆਂ ਦਾ ਵੱਖਰਾ ਰਿਕਾਰਡ ਰੱਖਿਆ ਜਾਵੇ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਕਰੋਨਾ ਸਾਵਧਾਨੀਆਂ ਵਜੋਂ ਅਧਿਆਪਕਾਂ ਦੀ ਸਮੱਸਿਆ ਹੱਲ ਕਰ ਦਿੱਤੀ ਗਈ ਹੈ।
ਅਧਿਆਪਕਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ
ਚੰਡੀਗੜ੍ਹ ਦੇ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸ਼ੁਰੂ ਕੀਤੀ ਗਈ ਹੜਤਾਲ ਅੱਜ ਸਮਾਪਤ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਫੈਸਲਾ ਅੱਜ ਡੀਏਵੀ ਕਾਲਜ ਸੈਕਟਰ-10 ਵਿੱਚ ਪ੍ਰਧਾਨ ਸੁਮਿਤ ਗੋਕਲੇਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਜੀਸੀ ਨਾਲੋਂ ਤਨਖਾਹਾਂ ਨੂੰ ਡੀਲਿੰਕ ਕਰਨ ਦਾ ਵਿਰੋਧ ਹੋਰ ਸਾਧਨਾਂ ਰਾਹੀਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਚੋਣ ਜ਼ਾਬਤਾ ਲੱਗ ਗਿਆ ਹੈ ਤੇ ਹੁਣ ਹੜਤਾਲ ਹੋਰ ਜਾਰੀ ਰੱਖਣ ਨਾਲ ਵਿਦਿਆਰਥੀਆਂ ਨੂੰ ਹੋਰ ਪ੍ਰੇਸ਼ਾਨੀ ਹੋਵੇਗੀ ਜਿਸ ਕਾਰਨ ਉਨ੍ਹਾਂ ਨੇ ਹਾਲੇ ਹੜਤਾਲ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ ਪਰ ਸੰਘਰਸ਼ ਜਾਰੀ ਰਹੇਗਾ।