ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਅਗਸਤ
ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵਿੱਚ ਦਰਖ਼ਤ ਡਿੱਗਣ ਦੀ ਘਟਨਾ ਵਾਪਰਨ ਤੋਂ ਬਾਅਦ ਚੰਡੀਗੜ੍ਹ ਕਮਿਸ਼ਨ ਐਂਡ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਨੇ ਸਕੂਲ ਪ੍ਰਬੰਧਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਸਕੂਲਾਂ ਵਿੱਚ ਇਕ ਹਫਤੇ ’ਚ ਸੇਫਟੀ ਆਡਿਟ ਕਰਵਾਉਣ ਤੇ ਇਸ ਸਬੰਧ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇ ਜੋ ਬਾਲ ਕਮਿਸ਼ਨ ਵੱਲੋਂ ਦਰਸਾਏ 9 ਨੁਕਤਿਆਂ ਨੂੰ ਸਕੂਲਾਂ ਵਿੱਚ ਲਾਗੂ ਕਰਵਾਏ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਭਜੋਤ ਕੌਰ ਨੇ ਅੱਜ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਬਾਲ ਕਮਿਸ਼ਨ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਪੱਤਰਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਹਰ ਸਕੂਲ ਇੰਟਰਨਲ ਸੇਫਟੀ ਆਡਿਟ ਕਰਵਾਏ ਜਿਸ ਵਿਚ ਤਿੰਨ ਮੈਂਬਰੀ ਕਮੇਟੀ ਪ੍ਰਿੰਸੀਪਲ ਤੇ ਦੋ ਅਧਿਆਪਕਾਂ (ਇਕ ਮਰਦ ਅਧਿਆਪਕ ਤੇ ਇਕ ਮਹਿਲਾ ਅਧਿਆਪਕ) ਦੀ ਅਗਵਾਈ ਹੇਠ ਬਣੇ। ਸਕੂਲਾਂ ਨੂੰ ਬਾਲ ਕਮਿਸ਼ਨ ਨੂੰ ਜਾਣਕਾਰੀ ਦੇਣੀ ਹੋਵੇਗੀ ਕਿ ਸਕੂਲ ਦੀ ਇਮਾਰਤ ਦੀ ਪੂਰੀ ਮੁਰੰਮਤ ਹੋ ਚੁੱਕੀ ਹੈ ਤੇ ਸਕੂਲ ਅਹਾਤੇ ਵਿੱਚ ਮਲਬੇ ਦੇ ਢੇਰ ਨਹੀਂ ਲੱਗੇ। ਸਕੂਲਾਂ ਦੀਆਂ ਪਹਿਲੀਆਂ ਜਾਂ ਦੂਜੀਆਂ ਮੰਜ਼ਿਲਾਂ ਵਿਚ ਗਰਿੱਲਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਡਿੱਗਣ ਦਾ ਕੋਈ ਡਰ ਨਹੀਂ ਹੈ, ਸਕੂਲ ਅਹਾਤੇ ਵਿਚ ਕੋਈ ਅਸੁਰੱਖਿਅਤ ਦਰੱਖਤ ਨਹੀਂ ਹੈ ਤੇ ਸਮੇਂ ਸਮੇਂ ’ਤੇ ਦਰੱਖਤਾਂ ਦੀ ਛੰਗਾਈ ਵੀ ਕਰਵਾਈ ਜਾਵੇ, ਸਕੂਲਾਂ ਵਿੱਚ ਉੱਗੇ ਘਾਹ ਦੀ ਕਟਾਈ ਕਰਵਾਈ ਜਾਵੇ ਤਾਂ ਕਿ ਸੱਪਾਂ ਤੋਂ ਬਚਾਅ ਰਹੇ ਤੇ ਕੋਈ ਹੋਰ ਹਾਦਸਾ ਨਾ ਵਾਪਰੇ, ਸਕੂਲ ਅਹਾਤੇ ਵਿੱਚ ਸਾਫ਼-ਸਫ਼ਾਈ ਹੋਵੇ ਤੇ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਹੋਣ, ਸਕੂਲ ਦੇ ਝੂਲਿਆਂ ਵਿੱਚ ਕੋਈ ਨੁਕਸ ਨਾ ਹੋਵੇ ਤੇ ਇਹ ਹਾਦਸਿਆਂ ਦਾ ਕਾਰਨ ਨਾ ਬਣਨ, ਸਕੂਲ ਵਿੱਚ ਬਿਜਲੀ ਦੀਆਂ ਤਾਰਾਂ ਢੱਕੀਆਂ ਹੋਣ ਤੇ ਕੋਈ ਵੀ ਟਰਾਂਸਫਾਰਮਰ ਸਕੂਲ ਅਹਾਤੇ ਵਿੱਚ ਨਾ ਹੋਵੇ, ਵਿਦਿਆਰਥੀਆਂ ਦੇ ਬਸਤਿਆਂ ਦਾ ਭਾਰ ਘਟਾਉਣ ਦੇ ਯਤਨ ਕੀਤੇ ਜਾਣ, ਸਕੂਲਾਂ ਦੇ ਬਾਹਰ ਟਰੈਫਿਕ ਤੋਂ ਬੱਚਿਆਂ ਨੂੰ ਬਚਾਉਣ ਲਈ ਪ੍ਰਬੰਧ ਕੀਤੇ ਜਾਣ।
70 ਫੀਸਦ ਸਰਕਾਰੀ ਸਕੂਲਾਂ ਦੀਆਂ ਗਰਿੱਲਾਂ ‘ਅਸੁਰੱਖਿਅਤ’
ਚੰਡੀਗੜ੍ਹ ਦੇ ਲਗਪਗ ਸੱਤਰ ਫੀਸਦੀ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੇ ਦੂਜੀ ਮੰਜ਼ਿਲ ’ਤੇ ਲੱਗੀਆਂ ਗਰਿੱਲਾਂ ਸੇਫ ਨਹੀਂ ਹਨ। ਇਹ ਗਰਿੱਲਾਂ ਤਿੰਨ ਫੁੱਟ ਤੋਂ ਵੀ ਘੱਟ ਹਨ ਜਿਸ ਕਾਰਨ ਕੋਈ ਵੀ ਬੱਚਾ ਹੇਠਾਂ ਡਿੱਗ ਸਕਦਾ ਹੈ। ਬਾਲ ਕਮਿਸ਼ਨ ਨੇ ਸਕੂਲਾਂ ਨੂੰ ਸੁਰੱਖਿਅਤ ਗਰਿੱਲਾਂ ਬਾਰੇ ਹਦਾਇਤ ਤਾਂ ਜਾਰੀ ਕਰ ਦਿੱਤੀ ਹੈ ਪਰ ਕੀ ਇਹ ਗਰਿੱਲਾਂ ਬਦਲਣੀਆਂ ਸੰਭਵ ਹਨ। ਸਕੂਲਾਂ ਦੇ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਹਰ ਗਰਿੱਲ ਨਾਲ ਦੋ ਫੁੱਟ ਉੱਚੀ ਹੋਰ ਜਾਲੀ ਲਾਈ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਨੁਕਸਾਨ ਨਾ ਹੋਵੇ। ਸਕੱਤਰੇਤ ਦੇ ਅਧਿਕਾਰੀਆਂ ਨਾਲ ਜਦੋਂ ਇਸ ਸਮੱਸਿਆ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਇੰਜਨੀਅਰਿੰਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰਨਗੇ ਤੇ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।
ਕਾਲਜਾਂ ਵਿੱਚ ਦਾਖਲੇ ਦਾ ਅੱਜ ਆਖਰੀ ਦਿਨ
ਯੂਟੀ ਦੇ ਕਾਲਜਾਂ ਵਿੱਚ ਦਾਖਲੇ ਦੀ ਆਖਰੀ ਮਿਤੀ 3 ਅਗਸਤ ਹੈ। ਸ਼ਹਿਰ ਦੇ ਕਾਲਜਾਂ ਵਿੱਚ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ 85 ਫੀਸਦੀ ਕੋਟਾ ਹੈ। ਇਸ ਵਾਰ ਸਿਰਫ ਦੋ ਕਾਊਂਸਲਿੰਗਾਂ ਹੋਣਗੀਆਂ। ਡਾਇਰੈਕਟਰ ਹਾਇਰ ਐਜਕੇਸ਼ਨ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੈਰਿਟ ਲਿਸਟ 5 ਅਗਸਤ ਨੂੰ ਜਾਰੀ ਹੋਵੇਗੀ। ਵਿਦਿਆਰਥੀ 7 ਅਗਸਤ ਤਕ ਸੂਚੀਆਂ ਲਈ ਇਤਰਾਜ਼ ਦਾਖਲ ਕਰ ਸਕਦੇ ਹਨ। 10 ਅਗਸਤ ਨੂੰ ਯੋਗ ਵਿਦਿਆਰਥੀਆਂ ਦੀ ਸੂਚੀ ਨਸ਼ਰ ਕੀਤੀ ਜਾਵੇਗੀ। 12 ਅਗਸਤ ਨੂੰ ਫਾਈਨਲ ਸੂਚੀ ਜਾਰੀ ਹੋਵੇਗੀ। ਕਈ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਕਾਲਜਾਂ ਿਵਚ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਦੀ ਤਾਰੀਖ ਇਕ ਦਿਨ ਹੋਰ ਵਧਾਈ ਜਾਵੇ ਕਿਉਂਕਿ ਇਸ ਵੇਲੇ ਵੀ ਵੱਡੀ ਗਿਣਤੀ ਵਿਦਆਰਥੀ ਫਾਰਮ ਭਰਨ ਤੋਂ ਵਾਂਝੇ ਹਨ।