ਮੁਕੇਸ਼ ਕੁਮਾਰ
ਚੰਡੀਗੜ੍ਹ, 9 ਜੁਲਾਈ
ਮੇਅਰ ਸਰਬਜੀਤ ਕੌਰ ਢਿੱਲੋਂ ਅਤੇ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਅੱਜ ਇਥੇ ਸੈਕਟਰ 13 (ਮਨੀਮਾਜਰਾ) ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸ਼ੀਤਲਾ ਮਾਤਾ ਮੰਦਰ ਤੇ ਮਨੀਮਾਜਰਾ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ। ਇਸ ਮੌਕੇ ਕਮਿਸ਼ਨਰ ਨੇ ਨਿਗਮ ਦੇ ਐੱਸਈ (ਬੀਐਂਡਆਰ) ਅਤੇ ਆਰਕੀਟੈਕਟ ਨੂੰ ਇਥੇ ਸ਼ੀਤਲਾ ਮਾਤਾ ਮੰਦਰ ਅਤੇ ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਸਲਿੱਪ ਰੋਡ ਬਣਾਉਣ ਲਈ ਯੋਜਨਾਬੰਦੀ ਕਰਨ ਲਈ ਕਿਹਾ। ਉਨ੍ਹਾਂ ਨੇ ਹਾਊਸਿੰਗ ਬੋਰਡ ਲਾਈਟ ਪੁਆਇੰਟ ਤੋਂ ਫੌਜੀ ਢਾਬੇ ਤੱਕ ਖਸਤਾ ਹਾਲ ਸੜਕ ਦੀ ਸਕ੍ਰੈਚਿੰਗ ਕਰ ਕੇ ਇਸ ਨੂੰ ਮੁੜ ਬਣਾਉਣ ਲਈ ਕਿਹਾ। ਇਸੇ ਤਰ੍ਹਾਂ ਸ਼ਿਵਾਲਿਕ ਐਨਕਲੇਵ ਦੇ ਐਂਟਰੀ ਪੁਆਇੰਟ ’ਤੇ ਸੈਕਟਰ-13 ਦਾ ਬੋਰਡ ਲਗਾਉਣ ਲਈ ਕਿਹਾ ਗਿਆ।
ਕਮਿਸ਼ਨਰ ਨੇ ਯੂਟੀ ਦੇ ਇੰਜਨੀਅਰਿੰਗ ਵਿਭਾਗ ਨੂੰ ਚੰਡੀਗੜ੍ਹ ਅਤੇ ਹਰਿਆਣਾ ਸਰਹੱਦ ਨੇੜੇ ਖਾਲੀ ਪਈ ਜ਼ਮੀਨ ਦਾ ਡਿਜ਼ੀਟਲ ਸਰਵੇਖਣ ਕਰਨ ਲਈ ਕਿਹਾ। ਉਨ੍ਹਾਂ ਨੇ ਐੱਸਈ ਬਾਗਬਾਨੀ ਅਤੇ ਬਿਜਲੀ ਵਿਭਾਗ ਨੂੰ ਸਾਰੇ ਦਰੱਖਤਾਂ ਦਾ ਸਰਵੇਖਣ ਕਰਨ ਲਈ ਕਿਹਾ ਤਾਂ ਜੋ ਖੇਤਰ ਵਿੱਚ ਕਮਜ਼ੋਰ ਦਰੱਖਤਾਂ ਦੀ ਪਛਾਣ ਕੀਤੀ ਜਾ ਸਕੇ।