ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜਨਵਰੀ
ਕਰੋਨਾ ਮਹਾਂਮਾਰੀ ਦੌਰਾਨ ਸ਼ਹਿਰ ਦੇ ਧਾਰਮਿਕ ਸਥਾਨਾਂ ਵਿੱਚ ਵਿਆਹ ਸ਼ਾਦੀ ਦੇ ਵੱਧ ਰਹੇ ਰੁਝਾਨ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਵਿਆਹ-ਸ਼ਾਦੀ ਕਰਵਾਉਣ ਵਾਲਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਸ਼ਹਿਰ ਦੇ ਮੰਦਰ, ਗੁਰਦੁਆਰਾ, ਮਸਜਿਦ ਅਤੇ ਚਰਚ ਨੂੰ ਵਿਆਹ ਕਰਵਾਉਣ ਵਾਲੇ ਜੋੜੇ ਅਤੇ ਉਨ੍ਹਾਂ ਦੇ ਗਵਾਹਾਂ ਦਾ ਸਾਰਾ ਰਿਕਾਰਡ ਸਾਂਭਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਵਿਆਹ ਕਰਵਾਉਣ ਵਾਲੇ ਜੋੜੇ ਅਤੇ ਗਵਾਹਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦਾ ਹੈ ਤੇ ਧਾਰਮਿਕ ਸੰਸਥਾਵਾਂ ਨੂੰ ਵਿਆਹ ਦੀ ਰਸਮ ਦੀਆਂ ਮੋਟੀਆਂ ਰਕਮਾਂ ਨਾ ਵਸੂਲਣ ਦੇ ਆਦੇਸ਼ ਦਿੱਤੇ ਹਨ। ਪ੍ਰਸ਼ਾਸਨ ਨੇ ਜਾਰੀ ਕੀਤੇ ਆਦੇਸ਼ਾਂ ਵਿੱਚ ਕਿਹਾ ਕਿ ਧਾਰਮਕਿ ਸੰਸਥਾਵਾਂ ਵੱਲੋਂ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਮਾਪਿਆਂ ਦੀ ਸਹਿਮਤੀ ਲੈਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਵਿਆਹ ਸਮੇਂ ਗਵਾਹ ਵਜੋਂ ਪਰਿਵਾਰਕ ਮੈਂਬਰ ਜਾਂ ਦੋਸਤ ਦੀ ਰਿਹਾਇਸ਼ ਦੇ ਸਬੂਤ ਨਾਲ ਰੱਖਣੇ ਜ਼ਰੂਰੀ ਹੋਣਗੇ। ਇਸ ਤੋਂ ਬਾਅਦ ਧਾਰਮਿਕ ਸੰਸਥਾਵਾਂ ਵੱਲੋਂ ਵਿਆਹ ਵਾਲੇ ਜੋੜੇ ਨੂੰ ਵਿਆਹ ਦੀ ਸਰਟੀਫਿਕੇਟ ਦਿੱਤਾ ਜਾਵੇਗਾ, ਜਿਸ ਵਿੱਚ ਜੋੜੇ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ। ਪ੍ਰਸ਼ਾਸਨ ਨੇ ਧਾਰਮਿਕ ਸੰਸਥਾਵਾਂ ਨੂੰ ਵਿਆਹ ਵਾਲੇ ਜੋੜੇ ਨਾਲ ਸਬੰਧਤ ਰਿਕਾਰਡ ਦੀ ਸੰਭਾਲ ਦੇ ਆਦੇਸ਼ ਦਿੱਤੇ ਹਨ. ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।