ਮਿਹਰ ਸਿੰਘ
ਕੁਰਾਲੀ, 6 ਸਤੰਬਰ
ਬਲਾਕ ਮਾਜਰੀ ਦੇ ਪਿੰਡ ਚੰਦਪੁਰ ਦੀ ਪੰਚਾਇਤੀ ਜ਼ਮੀਨ ਨੂੰ ਹਥਿਆਉਣ ਲਈ ਇੱਕਜੁੱਟ ਹੋਈਆਂ ਕਈ ਧਿਰਾਂ ਨੂੰ ਹਰਾਉਣ ਲਈ ਲੜਾਈ ਲੜ ਰਹੇ ਪਿੰਡ ਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਅਤੇ ਲੋਕ ਹਿੱਤ ਮਿਸ਼ਨ ਨੇ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬੜੌਦੀ ਟੌਲ ਪਲਾਜ਼ਾ ’ਤੇ ਅੱਜ ਭਰਵਾਂ ਇਕੱਠ ਹੋਇਆ ਜਿਸ ਵਿੱਚ ਜ਼ਮੀਨ ਦੀ ਬੋਲੀ ਨਾ ਹੋਣ ਦੇਣ ਦਾ ਫ਼ੈਸਲਾ ਕੀਤਾ ਗਿਆ।
ਬੜੌਦੀ ਵਿੱਚ ਪਿੰਡ ਤੇ ਇਲਾਕਾ ਵਾਸੀਆਂ ਦੇ ਇਕੱਠ ਵਿੱਚ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਿਰਸਾ ਨੇ ਸ਼ਿਰਕਤ ਕੀਤੀ। ਸ੍ਰੀ ਸਿਰਸਾ ਨੇ ਦੋਸ਼ ਲਾਇਆ ਕਿ ਸਰਕਾਰਾਂ ਦੀ ਸ਼ਹਿ ਉੱਤੇ ਹੀ ਜ਼ਮੀਨ ਮਾਫ਼ੀਆ ਵੱਲੋਂ ਪੰਚਾਇਤੀ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਤੇ ਜ਼ਮੀਨ ਮਾਫੀਆ ਪੰਚਾਇਤ ਵਿਭਾਗ ਰਾਹੀਂ ਹੁਣ ਪਿੰਡ ਚੰਦਪੁਰ ਰਾਓਂ ਦੀ ਜ਼ਮੀਨ ਦੱਬਣ ਲਈ ਤੱਤਪਰ ਹੈ ਅਤੇ ਇਸ ਮਨੋਰਥ ਲਈ ਹੀ ਕਰੋੜਾਂ ਦੀ ਕੀਮਤ ਵਾਲੀ ਜ਼ਮੀਨ ਕੌਡੀਆਂ ਦੇ ਭਾਅ 33 ਸਾਲਾ ਲੀਜ਼ ’ਤੇ ਲਈ ਜਾ ਰਹੀ ਹੈ।
ਇਸੇ ਦੌਰਾਨ ਸਤਨਾਮ ਸਿੰਘ ਦਾਊਂ ਸਮੇਤ ਲੋਕ ਹਿੱਤ ਮਿਸ਼ਨ ਦੇ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ ਤੇ ਸਰਪੰਚ ਹਰਜੀਤ ਸਿੰਘ ਢਕੋਰਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਵਾਅਦਾ ਕਰਨ ਦੇ ਬਾਵਜੂਦ ਪੰਚਾਇਤ ਵਿਭਾਗ ਨੇ ਕੁਝ ਜ਼ਮੀਨ ਦੀ ਅੰਦਰੋਂ ਅੰਦਰੀਂ ਬੋਲੀ ਕਰ ਲਈ ਪਰ ਹੁਣ ਬਾਕੀ ਜ਼ਮੀਨ ਦੀ ਬੋਲੀ ਕਰਨ ਲਈ 7 ਸਤੰਬਰ ਦਾ ਦਿਨ ਨੀਅਤ ਕੀਤਾ ਹੈ। ਇਸ ਲਈ ਵਸਨੀਕ ਕਿਸਾਨਾਂ ਨਾਲ ਇਸ ਧੱਕੇ ਨੂੰ ਰੋਕਣ ਲਈ ਮਾਜਰੀ ਬਲਾਕ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ ਅਤੇ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਲੋਕ ਹਿੱਤ ਮਿਸ਼ਨ ਅਤੇ ਪਿੰਡ ਚੰਦਪੁਰ ਦੇ ਵਸਨੀਕਾਂ ਸ਼ੁਭਮ ਗਿਰੀ, ਸਾਬਕਾ ਸਰਪੰਚ ਭੁਪਿੰਦਰ ਗਿਰ ਤੇ ਲਾਖਾ ਗਿਰੀ ਨੇ ਇਲਾਕਾ ਵਾਸੀਆਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਰਵਿੰਦਰ ਸਿੰਘ ਬਿੰਦਾ, ਦਰਸ਼ਨ ਸਿੰਘ ਖੇੜਾ, ਭਾਗ ਸਿੰਘ ਫਾਟਵਾਂ, ਸੁਰਜੀਤ ਸਿੰਘ ਸਲੇਮਪੁਰ, ਗੁਰਮੁੱਖ ਸਿੰਘ ਮਾਵੀ, ਸੋਨੀ ਦੂਸਾਰਨਾ ਤੇ ਦਿਲਬਾਗ ਸਿੰਘ ਨੱਗਲ ਆਦਿ ਇਲਾਕਾ ਵਾਸੀ ਹਾਜ਼ਰ ਸਨ।