ਪੱਤਰ ਪ੍ਰੇਰਕ
ਫਰੀਦਾਬਾਦ, 9 ਸਤੰਬਰ
ਜੇ.ਸੀ. ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਵਾਈਐਮਸੀਏ, ਫਰੀਦਾਬਾਦ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਨੌਜਵਾਨਾਂ ਨੂੰ ਫਿਟਨੈੱਸ ਬਾਰੇ ਜਾਗਰੂਕ ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਫਿਟ ਇੰਡੀਆ ਫਰੀਡਮ ਰਨ’ 2.0 ਕਰਵਾਈ ਗਈ। ਯੂਨੀਵਰਸਿਟੀ ਦੇ ਐੱਨਐੱਸਐੱਸ ਵਾਲੰਟੀਅਰਾਂ ਨੇ ਫਿਟ ਇੰਡੀਆ ਫਰੀਡਮ ਰਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
ਉਪ ਕੁਲਪਤੀ ਪ੍ਰੋ. ਦਿਨੇਸ਼ ਕੁਮਾਰ ਨੇ ਕੈਂਪਸ ਤੋਂ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤੰਦਰੁਸਤ ਰਹਿਣ ਅਤੇ ਇੱਕ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਸਹਾਇਤਾ ਕਰਨ। ਇਸ ਮੌਕੇ ਡਾਇਰੈਕਟਰ ਯੁਵਕ ਭਲਾਈ ਡਾ: ਪ੍ਰਦੀਪ ਦੀਮਾਰੀ ਨੇ ਵਿਦਿਆਰਥੀਆਂ ਨੂੰ ਬੋਸ ਦੇ ਬੁੱਤ ਦੇ ਸਾਹਮਣੇ ਰਾਸ਼ਟਰ ਨਿਰਮਾਣ ਲਈ ਸਿਹਤਮੰਦ ਅਤੇ ਸਰਗਰਮ ਨਾਗਰਿਕ ਬਣਨ ਦੀ ਸਹੁੰ ਚੁਕਾਈ। ਬੀਤੇ ਮਹੀਨੇ ਦੌਰਾਨ ਓਲੰਪਿਕਸ ਵਿੱਚ ਭਾਰਤ ਦੇ ਬਿਹਤਰੀਨ ਪ੍ਰਦਰਸ਼ਨ ਤੇ ਉਸ ਮਗਰੋਂ ਪੈਰਾ ਓਲੰਪਿਕਸ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਹੋਰ ਵੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਕੈਪਸ਼ਨ: ਫਿਟ ਇੰਡੀਆ ਫਰੀਡਮ ਰਨ ਦੌੜ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ।- ਫੋਟੋ: ਕੁਲਵਿੰਦਰ ਕੌਰ ਦਿਓਲ