ਮਿਹਰ ਸਿੰਘ
ਕੁਰਾਲੀ, 31 ਮਾਰਚ
ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਪੇਚਿਸ਼ ਦੀ ਬਿਮਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਦੂਸ਼ਿਤ ਪਾਣੀ ਕਾਰਨ ਫੈਲੀ ਪੇਚਿਸ਼ ਨੂੰ ਕਾਬੂ ਪਾਉਣ ਲਈ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਕੌਂਸਲ ਵੱਲੋਂ ਪਾਣੀ ਦੀ ਪਾਈਪਲਾਈਨ ਬਦਲਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਵਾਰਡ ਨੰਬਰ 11 ਦੀ ਮਾਸਟਰ ਕਲੋਨੀ ਵਿੱਚ ਕਰੀਬ ਦੋ ਹਫ਼ਤਿਆਂ ਤੋਂ ਆ ਰਹੇ ਦੂਸ਼ਿਤ ਪਾਣੀ ਕਾਰਨ ਕਲੋਨੀ ਦੇ ਹਰ ਘਰ ਵਿੱਚ ਪੇਚਿਸ਼ ਦੇ ਮਰੀਜ਼ ਹਨ। ਕਲੋਨੀ ਵਾਸੀਆਂ ਸੁਖਵਿੰਦਰ ਸਿੰਘ, ਹਰਪਾਲ ਸਿੰਘ, ਕ੍ਰਿਸ਼ਨਾ, ਅਮਰ ਸਿੰਘ ਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟੂਟੀਆਂ ਵਿੱਚ ਦੂਸ਼ਿਤ ਪਾਣੀ ਆ ਰਿਹਾ ਹੈ।
ਇਸੇ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਮਾਸਟਰ ਕਲੋਨੀ ਦਾ ਦੌਰਾ ਕੀਤਾ ਤੇ ਮਰੀਜ਼ਾਂ ਦੀ ਜਾਂਚ ਮਗਰੋਂ ਉਨ੍ਹਾਂ ਦਾ ਇਲਾਜ ਜਾਰੀ ਹੈ। ਮਰੀਜ਼ਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ ਹਨ। ਸਿਹਤ ਵਿਭਾਗ ਨੇ ਕਲੋਨੀ ਵਾਸੀਆਂ ਨੂੰ ਕਲੋਰੀਨ ਯੁਕਤ ਸ਼ੁੱਧ ਪਾਣੀ ਜਾਂ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਹੈ।
ਇਸੇ ਦੌਰਾਨ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਕਿਹਾ ਕਿ ਜਿਸ ਥਾਂ ਤੋਂ ਦੂਸ਼ਿਤ ਪਾਣੀ ਪਾਈਪਾਂ ਵਿੱਚ ਦਾਖਲ ਹੋ ਰਿਹਾ ਸੀ, ਉਸ ਪਾਈਪ ਨੂੰ ਬਦਲਣ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੁਝ ਦਿਨਾਂ ਵਿੱਚ ਹੀ ਕਲੋਨੀ ਵਿੱਚ ਸਾਫ ਪਾਣੀ ਦੀ ਸਪਲਾਈ ਸੰਭਵ ਹੋ ਜਾਵੇਗੀ ਜਿਸ ਨਾਲ ਬਿਮਾਰੀ ਦੀ ਰੋਕਥਾਮ ਵਿੱਚ ਮਦਦ ਮਿਲੇਗੀ। ਫਿਲਹਾਲ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਲਈ ਕਿਹਾ ਗਿਆ ਹੈ।
ਸਥਿਤੀ ਕਾਬੂ ਹੇਠ: ਐੱਸਐੱਮਓ
ਕੁਰਾਲੀ ਹਸਪਤਾਲ ਦੇ ਐੱਸਐੱਮਓ ਰਜਿੰਦਰ ਭੂਸ਼ਣ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ। ਇਸੇ ਦੌਰਾਨ ਸਮਾਜ ਸੇਵੀ ਸੰਸਥਾ ‘ਮਾਰਸ਼ਲ ਗਰੁੱਪ’ ਦੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਤੇ ਸੁਰਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਵਾਰਡ ਦੀਆਂ ਚਾਰ ਦਹਾਕੇ ਪਹਿਲਾਂ ਪਈਆਂ ਪਾਣੀ ਦੀਆਂ ਪਾਈਪਾਂ ਖਸਤਾ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਪਾਈਪਾਂ ਵਿੱਚੋਂ ਦੂਸ਼ਿਤ ਪਾਣੀ ਮਿਕਸ ਹੋ ਕੇ ਘਰਾਂ ਨੂੰ ਸਪਲਾਈ ਹੋ ਰਿਹਾ ਹੈ। ਇਸੇ ਦੌਰਾਨ ਮਾਰਸ਼ਲ ਗਰੁੱਪ ਨੇ ਵਾਰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਓਆਰਐੱਸ ਦੇ ਪੈਕੇਟ ਵੰਡੇ।