ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਮਾਰਚ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਹੋਣਗੇ, ਜਿਸ ਲਈ ਯੂਟੀ ਦੇ ਸਿੱਖਿਆ ਵਿਭਾਗ ਨੇ ਸੰਭਾਵੀ ਆਨਲਾਈਨ ਟਰਾਂਸਫਰ ਪਾਲਿਸੀ ਤਿਆਰ ਕਰ ਲਈ ਹੈ। ਇਹ ਪਾਲਿਸੀ ਪਹਿਲੀ ਅਪਰੈਲ ਤੋਂ ਲਾਗੂ ਕੀਤੀ ਜਾਵੇਗੀ ਜਿਸ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਅੱਜ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਇਸ ਪਾਲਿਸੀ ਵਿਚ ਤਬਦੀਲੀ ਕਰਵਾਉਣ ਲਈ ਇਤਰਾਜ਼ ਮੰਗੇ ਹਨ। ਇਹ ਇਤਰਾਜ਼ 24 ਮਾਰਚ ਤੱਕ ਡਾਇਰੈਕਟਰ ਨੂੰ ਭੇਜੇ ਜਾ ਸਕਦੇ ਹਨ। ਇਨ੍ਹਾਂ ਇਤਰਾਜ਼ਾਂ ਨੂੰ ਦੂਰ ਕਰਨ ਤੋਂ ਬਾਅਦ ਆਨਲਾਈਨ ਟਰਾਂਸਫਰ ਪਾਲਿਸੀ ਅਮਲ ਵਿੱਚ ਆ ਜਾਵੇਗੀ ਪਰ ਸਿੱਖਿਆ ਵਿਭਾਗ ਵੱਲੋਂ ਪੈਰੀਫੇਰੀ ਤੇ ਸੈਕਟਰਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਇਕ ਵਰਗ ਵਿੱਚ ਰੱਖਣ ਕਾਰਨ ਅਧਿਆਪਕਾਂ ‘ਚ ਰੋਸ ਵਧ ਗਿਆ ਹੈ। ਉਨ੍ਹਾਂ ਵੱਲੋਂ ਇਸ ਵਰਤਾਰੇ ਖ਼ਿਲਾਫ਼ ਸਕੱਤਰੇਤ ਵਿੱਚ ਮੰਗ ਪੱਤਰ ਦਿੱਤੇ ਜਾਣਗੇ। ਦੱਸਣਾ ਬਣਦਾ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ ਅਧਿਆਪਕਾਂ ਦੇ ਆਨਲਾਈਨ ਤਬਾਦਲਿਆਂ ਦੀ ਪਾਲਿਸੀ ਤਿਆਰ ਬਾਰੇ 19 ਜਨਵਰੀ ਨੂੰ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਪਾਲਿਸੀ ਅਨੁਸਾਰ ਦਹਾਕਿਆਂ ਤੋਂ ਇਕ ਸਕੂਲ ਵਿੱਚ ਬੈਠੇ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜ ਸਾਲ ਤੋਂ ਇਕ ਹੀ ਸਕੂਲ ਵਿੱਚ ਤਾਇਨਾਤ ਮੁਖੀਆਂ ਦੇ ਤਬਾਦਲੇ ਵੀ ਕੀਤੇ ਜਾਣਗੇ ਪਰ ਇਹ ਤਬਾਦਲੇ ਆਫਲਾਈਨ ਕੀਤੇ ਜਾਣਗੇ। ਵਿਭਾਗ ਵੱਲੋਂ ਟਰਾਂਸਫਰ ਪਾਲਿਸੀ ਲਈ ਗਰੇਡਿੰਗ ਕੀਤੀ ਜਾਵੇਗੀ। ਜੇਕਰ ਕੋਈ ਅਧਿਆਪਕ ਇਕ ਸਕੂਲ ਵਿੱਚ ਦਸ ਸਾਲ ਤਾਇਨਾਤ ਰਹਿੰਦਾ ਹੈ ਤਾਂ ਉਸ ਨੂੰ 10 ਅੰਕ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐੱਨਸੀਸੀ ਤੇ ਹੋਰ ਵਾਧੂ ਗਤੀਵਿਧੀਆਂ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੱਖਰੇ ਅੰਕ ਦਿੱਤੇ ਜਾਣਗੇ।
ਈਡਬਲਿਊਐੱਸ ਵਰਗ ਲਈ ਆਨਲਾਈਨ ਡਰਾਅ ਅੱਜ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਵਿੱਚ ਈਡਬਲਿਊਐੱਸ ਵਰਗ ਲਈ ਆਨਲਾਈਨ ਡਰਾਅ ਕਰਵਾਏ ਜਾਣਗੇ। ਇਹ ਡਰਾਅ 10 ਮਾਰਚ ਨੂੰ ਹੋਵੇਗਾ। ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਨਿੱਜੀ ਸਕੂਲ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਐਂਟਰੀ ਲੈਵਲ ਜਮਾਤਾਂ ਦੀਆਂ ਖਾਲੀ ਸੀਟਾਂ ਦੀ ਜਾਣਕਾਰੀ ਨਹੀਂ ਦਿੰਦੇ ਜਿਸ ਕਰ ਕੇ ਇਸ ਵਰਗ ਲਈ ਡਰਾਅ ਹੁਣ ਸਿੱਖਿਆ ਵਿਭਾਗ ਖ਼ੁਦ ਕਰਵਾਏਗਾ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ 66 ਨਿੱਜੀ ਸਕੂਲਾਂ ਲਈ 3010 ਬੱਚਿਆਂ ਦੇ ਮਾਪਿਆਂ ਵੱਲੋਂ ਐਂਟਰੀ ਲੈਵਲ ਜਮਾਤਾਂ ਵਿੱਚ ਦਾਖਲੇ ਲਈ ਦਰਖਾਸਤਾਂ ਆਈਆਂ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ 894 ਸੀਟਾਂ ਹਨ।