ਪੱਤਰ ਪ੍ਰੇਰਕ
ਕੁਰਾਲੀ, 22 ਜੂਨ
ਇੱਥੋਂ ਦੇ ਪਿੰਡ ਸਹੌੜਾਂ ਸਥਿਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਫੀਸਾਂ ਦੀ ਵਸੂਲੀ ਕਰਨ, ਸਕਾਲਰਸ਼ਿਪ ਨਾ ਮਿਲਣ ਅਤੇ ਪ੍ਰੀਖਿਆ ਵਿੱਚ ਨਾ ਬੈਠਣ ਦੇਣ ਦੇ ਰੋਸ ਵਜੋਂ ਮੁਜ਼ਾਹਰਾ ਕੀਤਾ ਤੇ ਸਰਕਾਰ ਤੋਂ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ। ਜਾਣਕਾਰੀ ਮੁਤਾਬਿਕ ਵਿਦਿਆਰਥੀਆਂ ਦੇ ਮੁਜ਼ਾਹਰੇ ਦਾ ਜਦੋਂ ਪ੍ਰਬੰਧਕਾਂ ’ਤੇ ਕੋਈ ਅਸਰ ਨਾ ਹੋਇਆ ਤਾਂ ਉਨ੍ਹਾਂ ਨੇ ਕੁਰਾਲੀ-ਚੰਡੀਗੜ੍ਹ ਕੌਮੀ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਚਹੁ-ਮਾਰਗੀ ਤੋਂ ਇਲਾਵਾ ਸਰਵਿਸ ਰੋਡ ਵੀ ਜਾਮ ਕਰ ਦਿੱਤੀ। ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਫੀਸਾਂ ਅਤੇ ਸਕਾਲਰਿਸ਼ਪ ਨੂੰ ਲੈ ਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਕਾਲਰਸ਼ਿਪ ਸਰਕਾਰ ਵਲੋਂ ਭੇਜੀ ਜਾਣੀ ਹੈ ਤਾਂ ਜੋ ਵਿਦਿਆਥੀਆਂ ਨੂੰ ਫੀਸ ਦੀ ਅਦਾਇਗੀ ਨਾ ਕਰਨੀ ਪਏ। ਉਨ੍ਹਾਂ ਕਿਹਾ ਕਿ ਸਕਾਲਸ਼ਿਪ ਨਾ ਆਉਣ ਕਾਰਨ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਫੀਸਾਂ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਉੜੀਸਾ ਤੋਂ ਸਿੱਖਿਆ ਹਾਸਲ ਕਰਨ ਆਈ ਇੱਕ ਵਿਦਿਆਰਥਣ ਅਤੇ ਹੋਰਨਾਂ ਕੁਝ ਰਾਜਾਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਸਕਾਲਰਸ਼ਿਪ ਅਤੇ ਕੋਈ ਫੀਸ ਨਾ ਵਸੂਲਣ ਦੇ ਵਾਅਦੇ ਨਾਲ ਇੱਥੇ ਦਾਖ਼ਲਾ ਲਿਆ ਸੀ, ਪਰ ਹੁਣ ਯੁੂਨੀਵਰਸਿਟੀ ਫੀਸ ਮੰਗ ਰਹੀ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸੇ ਦੌਰਾਨ ਪੁੱਜੀ ਪੁਲੀਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਵਿਦਿਆਥੀਆਂ ਨੂੰ ਸ਼ਾਂਤ ਕਰਕੇ ਧਰਨਾ ਚੁੱਕਵਾਇਆ। ਇਸ ਮੌਕੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਆਪਣਾਂ ਨਾ ਦੱਸਣ ਤੋਂ ਮੁਨਕਰ ਹੁੰਦਿਆਂ ਮੰਨਿਆ ਕਿ ਵਿਦਿਆਰਥੀਆਂ ਦੇ ਕੁਝ ਮਸਲੇ ਹਨ ਜਿਨ੍ਹਾਂ ’ਤੇ ਵਿਚਾਰ ਕਰਕੇ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੀਸਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਨੂੰ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣਾ ਗਲਤ ਨਹੀਂ ਸਗੋਂ ਇਹ ਨਿਯਮਾਂ ਅਨੁਸਾਰ ਹੀ ਹੈ।