ਕੁਲਦੀਪ ਸਿੰਘ
ਚੰਡੀਗੜ੍ਹ, 17 ਮਈ
ਯੂਟੀ ਪ੍ਰਸ਼ਾਸਨ ਅਧੀਨ ਇਲੈਕਟ੍ਰੀਕਲ ਅਥਾਰਿਟੀ ਵੱਲੋਂ ਆਊਟਸੋਰਸ ਇਲੈਕਟ੍ਰੀਸ਼ੀਅਨਾਂ ਦੀਆਂ ਤਨਖਾਹਾਂ ਘਟਾਉਣ ਦੇ ਵਿਰੋਧ ਵਿੱਚ ਅੱਜ ਇਲੈਕਟ੍ਰੀਕਲ ਵਰਕਮੈੱਨ ਯੂਨੀਅਨ ਦੇ ਸੱਦੇ ਉੱਤੇ ਬਿਜਲੀ ਮੁਲਾਜ਼ਮਾਂ ਨੇ ਸੈਕਟਰ 9 ਸਥਿਤ ਯੂਟੀ ਸਕੱਤਰੇਤ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਤਨਖਾਹਾਂ ਵਿੱਚ ਕੀਤੀ ਗਈ ਕਟੌਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਯੂਨੀਅਨ ਵੱਲੋਂ ਚੀਫ਼ ਇੰਜਨੀਅਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਚੀਫ਼ ਇੰਜਨੀਅਰ ਨੇ ਭਰੋਸਾ ਦਿੱਤਾ ਕਿ ਤਨਖਾਹਾਂ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐਮਸੀ ਐਂਪਲਾਈਜ਼ ਐਂਡ ਵਰਕਰਜ਼ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਸਮੇਤ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਵਧੇ ਹੋਏ ਡੀਏ ਦੇ ਆਧਾਰ ’ਤੇ ਡੀਸੀ ਰੇਟਾਂ ਵਿੱਚ 20 ਫੀਸਦੀ ਦਾ ਵਾਧਾ ਕੀਤਾ ਜਾਵੇ ਅਤੇ ਤਨਖਾਹ ਫਰੀਜ਼ ਕਰਨ ਦੇ ਫਾਰਮੂਲੇ ਨੂੰ ਵਾਪਸ ਲਿਆ ਜਾਵੇ। ਚੰਡੀਗੜ੍ਹ ਵਿਚਲੀਆਂ ਸਿਆਸੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਜੈੱਮ ਪੋਰਟਲ ਨੂੰ ਲਿਆ ਕੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਨੂੰ ਸੱਦਾ ਦਿੱਤਾ ਹੈ ਜਿਸ ਨਾਲ ਆਊਟਸੋਰਸ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਕੰਪਨੀ ਵੱਲੋਂ ਕੀਤੀ ਜਾ ਰਹੀਆਂ ਕਥਿਤ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰੋਸ ਪ੍ਰਦਰਸ਼ਨ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਅਨਿਲ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇਲੈਕਟ੍ਰੀਕਲ ਵਰਕਮੈੱਨ ਯੂਨੀਅਨ ਦੇ ਆਗੂ ਵਰਿੰਦਰ ਬਿਸ਼ਟ, ਉਪ ਪ੍ਰਧਾਨ ਯਸ਼ਪਾਲ ਸ਼ਰਮਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਯਸ਼ਪਾਲ ਚੌਧਰੀ ਤੇ ਪ੍ਰੀਤਮ ਸਿੰਘ ਨੇ ਵੀ ਸੰਬੋਧਨ ਕੀਤਾ।
27 ਮਈ ਨੂੰ ਸਮੂਹਿਕ ਭੁੱਖ ਹੜਤਾਲ ਕਰਨ ਦੀ ਚਿਤਾਵਨੀ
ਯੂਨੀਅਨ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਚੀਫ਼ ਇੰਜਨੀਅਰ ਵੱਲੋਂ ਅੱਜ ਦਿੱਤੇ ਗਏ ਭਰੋਸੇ ਮੁਤਾਬਕ ਇਲੈਕਟ੍ਰੀਕਲ ਅਥਾਰਿਟੀ ਨੇ ਵਰਕਰਾਂ ਦੀ ਤਨਖਾਹ ਵਿੱਚ ਕਟੌਤੀ ਦਾ ਫੈਸਲਾ ਵਾਪਸ ਨਾ ਲਿਆ ਤਾਂ 25 ਮਈ ਨੂੰ ਵੱਡੀ ਰੋਸ ਰੈਲੀ ਕੀਤੀ ਜਾਵੇਗੀ ਅਤੇ 27 ਮਈ ਨੂੰ ਸਮੂਹਿਕ ਭੁੱਖ ਹੜਤਾਲ ਅਤੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਜਾਵੇਗਾ।