ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਜੂਨ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਅੰਬੈਸਡਰ ਆਫ਼ ਹੋਪ ਮੁਕਾਬਲੇ ਵਿੱਚ ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-11 ਦੀ ਚੌਥੀ ਜਮਾਤ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਦੀ ਆਨਲਾਈਨ ਵੀਡੀਓ ਮੁਕਾਬਲੇ ਵਿੱਚ ਚੋਣ ਹੋਈ ਹੈ। ਇਸ ਮੁਕਾਬਲੇ ਵਿੱਚ ਲਗਭਗ 1 ਲੱਖ 6 ਹਜ਼ਾਰ ਬੱਚਿਆਂ ਨੇ ਵੱਧ-ਚੜ੍ਹ ਕੇ ਅਤੇ ਉਤਸ਼ਾਹ ਨਾਲ ਭਾਗ ਲਿਆ।
ਇਸ ਹੋਣਹਾਰ ਵਿਦਿਆਰਥਣ ਚਰਨਪ੍ਰੀਤ ਕੌਰ ਦੀ ਮਾਤਾ ਸ੍ਰੀਮਤੀ ਸੋਨੀਆ ਸੰਧੂ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਇੱਕ ਲੱਖ ਤੋਂ ਵੱਧ ਬੱਚਿਆਂ ਵਿੱਚ ਚਰਨਪ੍ਰੀਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਉਸ ਨੂੰ ਪਹਿਲੇ 100 ਬੱਚਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ, ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-9 ਦੇ ਮੁਖੀ ਜਸਬੀਰ ਸਿੰਘ (ਸਟੇਟ ਐਵਾਰਡੀ), ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-11 ਦੀ ਮੁੱਖ ਅਧਿਆਪਕ ਸ੍ਰੀਮਤੀ ਰਮਿੰਦਰ ਕੌਰ ਅਤੇ ਸਮੂਹ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਉਧਰ, ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਇਸ ਹੋਣਹਾਰ ਬੱਚੀ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।