ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 18 ਜੁਲਾਈ
ਇੱਥੋਂ ਦੇ ਸੈਕਟਰ-78 ਵਿੱਚ ਲੱਗਦੀ ਸਬਜ਼ੀ ਮੰਡੀ (ਆਪਣੀ ਕਿਸਾਨ ਮੰਡੀ) ਵਿੱਚ ਸਿਰਫ਼ ਚੋਣਵੇਂ ਕਿਸਾਨਾਂ ਨੂੰ ਹੀ ਸਬਜ਼ੀਆਂ, ਫਲ ਅਤੇ ਹੋਰ ਸਾਮਾਨ ਵੇਚਣ ਦੀ ਖੁੱਲ੍ਹ ਦੇਣ ਅਤੇ ਬਾਕੀਆਂ ’ਤੇ ਪਾਬੰਦੀ ਲਗਾਉਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਦੇ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੁਹਾਲੀ ਦੇ ਏਡੀਸੀ ਅਤੇ ਨਿਗਮ ਕਮਿਸ਼ਨਰ ਨੂੰ ਵੱਖੋ-ਵੱਖਰੇ ਮੰਗ ਪੱਤਰ ਸੌਂਪ ਕੇ ਸਬਜ਼ੀ ਮੰਡੀ ਵਿੱਚ ਸਿਆਸੀ ਦਖ਼ਲ ਅਤੇ ਪ੍ਰਸ਼ਾਸਨ ਦੀ ਕਥਿਤ ਧੱਕੇਸ਼ਾਹੀ ਬੰਦ ਕਰਨ ਦੀ ਮੰਗ ਕੀਤੀ ਹੈ। ਏਡੀਸੀ ਅਤੇ ਕਮਿਸ਼ਨਰ ਨੇ ਪੀੜਤ ਲੋਕਾਂ ਨੂੰ ਨਿਯਮਾਂ ਤਹਿਤ ਇਨਸਾਫ਼ ਦਾ ਭਰੋਸਾ ਦਿੱਤਾ ਹੈ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਦੂਜੇ ਪਾਸੇ ਸਬਜ਼ੀ ਮੰਡੀ ਵਿੱਚ ਸਬਜ਼ੀਆਂ, ਫਲ ਅਤੇ ਹੋਰ ਨਿੱਤ ਵਰਤੋਂ ਦਾ ਸਾਮਾਨ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਮਜ਼ਦੂਰਾਂ ਤੇ ਕਿਸਾਨਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੰਡੀ ਦੇ ਨੇੜੇ ਵੀ ਢੁੱਕਣ ਨਹੀਂ ਦਿੱਤਾ ਜਾ ਰਿਹਾ ਹੈ। ਵੀਰ ਸਿੰਘ, ਸੁਰਿੰਦਰ ਸਿੰਘ, ਬੁੱਧ ਸਿੰਘ, ਸੁਰੇਸ਼ ਕੁਮਾਰ ਅਤੇ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਕਿਹਾ ਕਿ ਕਥਿਤ ਸਿਆਸੀ ਦਖ਼ਲ ਦੇ ਚੱਲਦਿਆਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਅਤੇ ਫਲ ਵੇਚਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਖਾਲੀ ਥਾਵਾਂ ’ਤੇ ਸਬਜ਼ੀ ਮੰਡੀ ਲਗਾਉਣ ਬਦਲੇ ਉਹ ਸਰਕਾਰੀ ਫੀਸ ਦੇਣ ਨੂੰ ਵੀ ਤਿਆਰ ਹਨ।