ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 12 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਅਨਾਜ ਮੰਡੀਆਂ ’ਚ ਹੁਣ ਤੱਕ 80 ਹਜ਼ਾਰ 307 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ। ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੰਡੀਆਂ ਵਿੱਚ ਖ਼ਰੀਦੇ ਗਏ ਝੋਨੇ ’ਚੋਂ 56 ਹਜ਼ਾਰ 836 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਗਈ ਹੈ ਅਤੇ ਬਾਕੀ ਰਹਿੰਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਪਨਗਰੇਨ ਨੇ 18 ਹਜ਼ਾਰ 659 ਮੀਟਰਿਕ ਟਨ, ਮਾਰਕਫੈੱਡ ਨੇ 32 ਹਜ਼ਾਰ 123 ਮੀਟਰਿਕ ਟਨ, ਪਨਸਪ ਨੇ 12 ਹਜ਼ਾਰ 445 ਮੀਟਰਿਕ ਟਨ, ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 11 ਹਜ਼ਾਰ 31 ਮੀਟਰਿਕ ਟਨ, ਐੱਫ਼ਸੀਆਈ ਨੇ 5 ਹਜ਼ਾਰ 623 ਮੀਟਰਿਕ ਟਨ ਝੋਨਾ ਖ਼ਰੀਦਿਆ, ਜਦੋਂਕਿ ਆੜ੍ਹਤੀਆਂ ਨੇ 134 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਝੋਨੇ ਦੀ ਲਿਫ਼ਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਿਆਲਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਕੇਵਲ ਸੁਪਰ ਐੱਸਐੱਮਐੱਸ ਲੱਗੀ ਕੰਬਾਈਨ ਨਾਲ ਹੀ ਕਰਵਾਉਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਅੱਗ ਲਗਾ ਕੇ ਨਾ ਸਾੜਿਆ ਜਾਵੇ।
ਫਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਮਿੱਠਾ): ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 87 ਹਜ਼ਾਰ 614 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋ 86,790 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਮੰਡੀਆਂ ’ਚੋ 66,885 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਕਰਵਾਈ ਜਾ ਚੱਕੀ ਹੈ ਅਤੇ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ 50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦੇ ਗਏ ਝੋਨੇ ’ਚੋਂ ਪਨਗਰੇਨ ਵੱਲੋਂ 35,792 ਮੀਟਰਿਕ ਟਨ, ਮਾਰਕਫੈੱਡ ਵੱਲੋਂ 20,858, ਵੇਅਰ ਹਾਊਸ ਵੱਲੋ 9,463, ਪਨਸਪ ਵੱਲੋਂ 20,206, ਐੱਫਸੀਆਈ ਵੱਲੋ 171 ਅਤੇ ਵਪਾਰੀਆਂ ਵੱਲੋ 300 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।