ਸਰਬਜੀਤ ਸਿੰਘ ਭੱਟੀ
ਲਾਲੜੂ, 10 ਅਕਤੂਬਰ
ਮਾਰਕੀਟ ਕਮੇਟੀ ਲਾਲੜੂ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਪਰ ਖਰੀਦ ਪ੍ਰਬੰਧਾਂ ਵਿੱਚ ਤੇਜ਼ੀ ਨਾ ਆਉਣ ਕਾਰਨ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ। ਝੋਨੇ ਦੀ ਨਮੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਆਡੀਓ ਵਾਇਰਲ ਹੋਈ ਹੈ ਕਿ ਨਿਰਧਾਰਤ 17 ਫੀਸਦ ਤੋਂ ਵੱਧ ਨਮੀ ਵਾਲੀ ਫਸਲ ਖਰੀਦਣ ’ਤੇ ਆੜ੍ਹਤੀ, ਸ਼ੈਲਰ ਮਾਲਕਾਂ ਤੇ ਖਰੀਦ ਏਂਜੰਸੀਆਂ ਦੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਆਡੀਓ ਨੂੰ ਲੈ ਕੇ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਅਧਿਕਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ। ਵਾਈਰਲ ਆਡੀਓ ’ਚ ਕਿਸੇ ਅਧਿਕਾਰੀ ਦਾ ਨਾਮ ਨਹੀਂ ਲਿਆ ਗਿਆ ਅਤੇ ਨਾ ਹੀ ਇਲਾਕੇ ਦੀ ਕਿਸੇ ਮੰਡੀ ’ਚ ਕੋਈ ਕਾਰਵਾਈ ਵੇਖਣ ਨੂੰ ਮਿਲੀ ਹੈ।
ਲਾਲੜੂ ਦੀ ਦਾਣਾ ਮੰਡੀ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਮੰਡੀ ਦੇ ਫੜ੍ਹ ਅਤੇ ਸੜਕਾਂ ਦਾ ਕੋਈ ਵੀ ਕੋਨਾ ਝੋਨੇ ਤੋਂ ਖਾਲੀ ਨਹੀਂ ਹੈ। ਇਲਾਕੇ ਦੇ ਕਿਸਾਨ ਚੌਧਰੀ ਸੁਰਿੰਦਰਪਾਲ ਸਿੰਘ ਜਿਉਲੀ ਨੇ ਦੱਸਿਆ ਕਿ ਕਿਸਾਨ ਆਪਣੇ ਹਿਸਾਬ ਨਾਲ ਸੁੱਕੀ ਫਸਲ ਮੰਡੀ ਵਿੱਚ ਲਿਆ ਰਿਹਾ ਹੈ ਪਰ ਉਸ ਕੋਲ ਕੋਈ ਮਾਪਦੰਡ ਨਹੀ ਹੈ ਕਿ ਉਹ ਖੇਤ ਵਿੱਚ ਹੀ ਨਮੀ ਦੀ ਮਾਤਰਾ ਤੈਅ ਕਰ ਸਕੇ। ਖਰੀਦ ਏਜੰਸੀਆਂ ਨੇ ਡੈੱਡਲਾਈਨ ਦਿੱਤੀ ਹੈ ਕਿ ਜੇਕਰ 17 ਫੀਸਦ ਤੋਂ ਇਕ ਪੁਆਇੰਟ ਵੱਧ ਨਮੀ ਹੋਈ ਤਾਂ ਉਹ ਫਸਲ ਖਰੀਦ ਨਹੀਂ ਸਕਣਗੇ।
ਮਾਰਕਫੈਡ ਨੇ ਝੋਨੇ ਦੀਆਂ 1.84 ਲੱਖ ਬੋਰੀਆਂ ਖਰੀਦੀਆਂ: ਮਾਰਕਫੈਡ ਦੇ ਮੈਨੇਜਰ ਗੁਰਜਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਲਾਲੜੂ ਦੀ ਦਾਣਾ ਮੰਡੀ ਵਿੱਚ ਹੁਣ ਤੱਕ ਮਾਰਕਫੈਡ ਨੇ ਇਕ ਲੱਖ 84 ਹਜ਼ਾਰ ਝੋਨੇ ਦੀ ਬੋਰੀ ਖਰੀਦੀ ਹੈ ਤੇ ਇਕ ਲੱਖ 10 ਹਜ਼ਾਰ ਬੋਰੀ ਦੀ ਲਿਫਟਿੰਗ ਕਰ ਦਿੱਤੀ ਹੈ। ਮੰਡੀਆਂ ’ਚ ਲਿਫਟਿੰਗ ਅਤੇ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਹੈ। ਇਸੇ ਦੌਰਾਨ ਵਾਈਰਲ ਆਡੀਓ ਨੇ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੂੰ ਸਹਿਮ ਵਿੱਚ ਪਾਇਆ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਤਰੰਤ ਸਪੱਸ਼ਟੀਕਰਨ ਦੇਵੇ।
ਪਰਾਲੀ ਨਾ ਸਾੜਨ ਦੀ ਅਪੀਲ
ਕੁਰਾਲੀ (ਮਿਹਰ ਸਿੰਘ): ਖੇਤੀਬਾੜੀ ਵਿਭਾਗ ਵੱਲੋਂ ਅਨਾਜ ਮੰਡੀ ਕੁਰਾਲੀ ਵਿੱਚ ਝੋਨੇ ਦੀ ਖਰੀਦ ਸਬੰਧੀ ਜਾਇਜ਼ਾ ਲਿਆ ਗਿਆ। ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਚੰਗੀ ਤਰ੍ਹਾਂ ਨਾਲ ਪੱਕਿਆ ਝੋਨਾ ਹੀ ਮੰਡੀ ਵਿੱਚ ਲਿਆਂਦਾ ਜਾਵੇ। ਝੋਨੇ ਦੀ ਵਢਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਇਸ ਨੂੰ ਜ਼ਮੀਨ ਵਿੱਚ ਹੀ ਮਸ਼ੀਨਰੀ ਦੀ ਵਰਤੋਂ ਕਰਕੇ ਮਿਲਾ ਲਿਆ ਜਾਵੇ। ਇਸ ਮੌਕੇ ਮੰਡੀ ਸੁਪਰਵਾਈਜ਼ਰ ਕੁਲਵੀਰ ਸਿੰਘ ਕਾਲੇਵਾਲ ਨੇ ਦੱਸਿਆ ਕਿ ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਸਬੰਧੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਫਸਲ ਦੀ ਨਾਲ-ਨਾਲ ਅਦਾਇਗੀ ਕੀਤੀ ਜਾ ਰਹੀ ਹੈ।