ਕਰਮਜੀਤ ਸਿੰਘ ਚਿੱਲਾ
ਬਨੂੜ, 16 ਜੁਲਾਈ
ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨਾਲ ਬੀਜਿਆ ਗਿਆ ਝੋਨਾ ਹੁਣ ਚੰਗੀ ਤਰ੍ਹਾਂ ਜੜ੍ਹ ਫੜ੍ਹ ਗਿਆ ਹੈ ਅਤੇ ਝੋਨੇ ਦੇ ਬੂਟਿਆਂ ਨਾਲ ਭਰੇ ਖੇਤ ਹਰਿਆਲੀ ਮਾਰਨ ਲੱਗੇ ਹਨ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਲਗਾਤਾਰ ਸਿੱਧੀ ਬਿਜਾਈ ਵਾਲੇ ਝੋਨੇ ਦੀ ਨਿਗਰਾਨੀ ਕਰ ਰਹੀਆਂ ਹਨ ਤੇ ਕਿਸਾਨਾਂ ਨੂੰ ਦਵਾਈਆਂ, ਖਾਦਾਂ ਬਾਰੇ ਵੀ ਲੋੜੀਂਦੀ ਸਲਾਹ ਦਿੱਤੀ ਜਾ ਰਹੀ ਹੈ।
ਮੁਹਾਲੀ ਜ਼ਿਲ੍ਹੇ ਵਿੱਚ ਦਸ ਹਜ਼ਾਰ ਏਕੜ ਦੇ ਕਰੀਬ ਰਕਬੇ ਵਿੱਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਜਾਈ ਕੀਤੀ ਹੋਈ ਹੈ। ਇਸ ਖੇਤਰ ਦੇ ਪਿੰਡ ਬੂਟਾਸਿੰਘ ਵਾਲਾ, ਜੰਗਪੁਰਾ, ਦੈੜੀ, ਬਠਲਾਣਾ, ਦੁਰਾਲੀ, ਨਗਾਰੀ, ਮਾਣਕਪੁਰ ਕੱਲਰ ਸਮੇਤ ਹੋਰਨਾਂ ਕਈਂ ਪਿੰਡਾਂ ਵਿੱਚ ਕਿਸਾਨਾਂ ਨੇ ਪਹਿਲੀ ਵੇਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਈ ਪਿੰਡਾਂ ਵਿੱਚ ਸਿੱਧੀ ਬਿਜਾਈ ਵਾਲਾ ਝੋਨਾ ਘੱਟ ਜੰਮਣ ਅਤੇ ਨਦੀਨ ਜ਼ਿਆਦਾ ਹੋਣ ਕਾਰਨ ਕਿਸਾਨਾਂ ਵਾਹ ਵੀ ਦਿੱਤਾ ਅਤੇ ਪਰਵਾਸੀ ਲੇਬਰ ਰਾਹੀਂ ਹੱਥਾਂ ਨਾਲ ਝੋਨਾ ਲਗਾਇਆ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਸਿਖਲਾਈ ਅਫ਼ਸਰ ਦਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਵਿਭਾਗ ਦੇ ਬੀਟੀਐੱਮ ਜਗਦੀਪ ਸਿੰਘ ਅਤੇ ਬਲਾਕ ਵਿਸਥਾਰ ਅਫ਼ਸਰ ਸੁੱਚਾ ਸਿੰਘ ਸਿੱਧੂ ਨੇ ਪਿੰਡ ਬੂਟਾਸਿੰਘ ਵਾਲਾ ਤੇ ਹੋਰਨਾਂ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਕੀਤਾ। ਵਿਭਾਗੀ ਟੀਮ ਨੇ ਕਿਸਾਨਾਂ ਨੂੰ ਬੇਲੋੜੀਆਂ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੀ ਬਿਜਾਈ ਨਾਲ ਝੋਨੇ ਦੀ ਹੱਥਾਂ ਨਾਲ ਕੀਤੀ ਜਾਂਦੀ ਲਵਾਈ ਦੇ ਮੁਕਾਬਲੇ 40 ਤੋਂ 50 ਫ਼ੀਸਦੀ ਪਾਣੀ ਅਤੇ ਹੋਰ ਖਰਚਿਆਂ ਦੀ ਬੱਚਤ ਹੋਵੇਗੀ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਪਹਿਲ ਇਹ ਝੋਨਾ ਘੱਟ ਵੱਧ ਫੁਲ ਰਿਹਾ ਸੀ ਪਰ ਹੁਣ ਝੋਨਾ ਬੂਟਾ ਕਰ ਰਿਹਾ ਹੈ ਤੇ ਖੇਤ ਭਰਨ ਲੱਗੇ ਹਨ।
ਸਿੱਧੀ ਬਿਜਾਈ ਨੂੰ ਟੀਚੇ ਨਾਲੋਂ ਵੱਧ ਹੁੰਗਾਰਾ: ਮੁੱਖ ਖੇਤੀਬਾੜੀ ਅਫ਼ਸਰ
ਮੁਹਾਲੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਜੀਤ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਨਿਰਧਾਰਿਤ ਚਾਰ ਹਜ਼ਾਰ ਹੈਕਟੇਅਰ ਦੇ ਮੁਕਾਬਲੇ 4300 ਹੈਕਟੇਅਰ ਰਕਬੇ ਵਿੱਚ ਸਿੱਧੀ ਬਿਜਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੇ ਸਿੱਧੀ ਬਿਜਾਈ ਵਾਲਾ ਝੋਨਾ ਘੱਟ ਖਰਚੇ ਨਾਲ ਕਿਸਾਨਾਂ ਲਈ ਲਾਭਦਾਇਕ ਰਹੇਗਾ। ਉਨ੍ਹਾਂ ਝੋਨੇ ਦੇ ਬੂਟੇ ਪੀਲੇ ਪੈਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਲੋਹੇ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ।