ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 29 ਜੂਨ
ਇੱਥੋਂ ਦੇ ਨਜ਼ਦੀਕੀ ਪਿੰਡ ਬੜਮਾਜਰਾ ਵਿੱਚ ਪੇਂਟਰ ਸੰਜੇ ਯਾਦਵ (35) ਦੇ ਕਤਲ ਸਬੰਧੀ ਬਲੌਂਗੀ ਪੁਲੀਸ ਨੂੰ ਅੱਜ ਦੂਜੇ ਦਿਨ ਵੀ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ ਅਤੇ ਸਾਰੇ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਰਕਾਰੀ ਹਸਪਤਾਲ ਫੇਜ਼-6 ਵਿੱਚ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟ ਮਾਰਟਮ ਰਿਪੋਰਟ ਅਨੁਸਾਰ ਪੇਂਟਰ ਦੀ ਮੌਤ ਸਿਰ ਦੀ ਖੋਪੜੀ ਵਿੱਚ ਡੂੰਘੀ ਸੱਟ ਲੱਗਣ ਅਤੇ ਪੱਟ ਦੀ ਨੱਸ ਕੱਟੇ ਜਾਣ ਹੋਈ ਹੈ। ਇਸ ਗੱਲ ਦਾ ਖ਼ੁਲਾਸਾ ਕਰਦਿਆਂ ਫੋਰੈਂਸਿਕ ਮਾਹਿਰ ਡਾ. ਚਰਨਕੰਵਲ ਸਿੰਘ ਲੱਧੜ ਨੇ ਦੱਸਿਆ ਕਿ ਸੰਜੇ ਦੀ ਸਿਰ ਦੀ ਖੋਪੜੀ ਵਿੱਚ ਕਾਫੀ ਡੂੰਘੀ ਸੱਟ ਦੇ ਨਿਸ਼ਾਨ ਮਿਲੇ ਹਨ ਅਤੇ ਉਸ ਦੇ ਪੱਟ ਦੀ ਇਕ ਅਹਿਮ ਨੱਸ ਵੀ ਕੱਟੀ ਹੋਈ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਬਲੌਂਗੀ ਥਾਣੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।