ਮੁਕੇਸ਼ ਕੁਮਾਰ
ਚੰਡੀਗੜ੍ਹ, 15 ਸਤੰਬਰ
ਪਿੰਡ ਪਲਸੌਰਾ ਦੀ ਫਿਰਨੀ ਨੂੰ ਪੱਕਾ ਕਰਨ ਲਈ ਪੇਵਰ ਬਲਾਕ ਦੇ ਕੰਮ ਦਾ ਨੀਂਹ ਪੱਥਰ ਰੱਖਣ ਆਏ ਕੌਂਸਲਰ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਖਰੀਆਂ ਖਰੀਆਂ ਸੁਣਾਈਆਂ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਲਾਕਾ ਕੌਂਸਲਰ ਨੇ ਹੁਣ ਤੱਕ ਪਿੰਡ ਦੇ ਵਿਕਾਸ ਤੇ ਇਥੋਂ ਦੇ ਵਾਸੀਆਂ ਦੀਆਂ ਸਮੱਸਿਆਵਾਂ ਲਈ ਕੋਈ ਸਾਰ ਨਹੀਂ ਲਈ। ਹੁਣ ਜਦੋਂ ਨਿਗਮ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨਜ਼ਰ ਆਉਣ ਲੱਗ ਗਈਆਂ ਹਨ। ਇਲਾਕਾ ਕੌਂਸਲਰ ਸਤੀਸ਼ ਕੈਂਥ ਜੋ ਕਾਂਗਰਸ ਪਾਰਟੀ ਦੇ ਕੌਂਸਲਰ ਹਨ, ਇਥੇ ਪਿੰਡ ਦੀ ਕੱਚੀ ਫਿਰਨੀ ’ਚ ਪੇਵਰ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਆਏ ਸਨ। ਪਿੰਡ ਦੀਆਂ ਗਲੀਆਂ ਦੀ ਮਾੜੀ ਹਾਲਤ ਤੇ ਹੋਰ ਸਮੱਸਿਆਵਾਂ ਨਾਲ ਘਿਰੇ ਪਿੰਡ ਵਾਸੀਆਂ ਜਿਨ੍ਹਾਂ ਵਿੱਚ ’ਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਸਨ, ਨੇ ਕੌਂਸਲਰ ਸਤੀਸ਼ ਕੈਂਥ ਨੂੰ ਘੇਰ ਲਿਆ ਤੇ ਪਿੰਡ ਵਿੱਚ ਨਿਗਮ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਖਰੀ ਖੋਟੀ ਸੁਣਾਈ। ਪਿੰਡ ਵਾਸੀ ਬਿੱਟੂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਨੂੰ ਨਿਗਮ ਵੱਲੋਂ ਦੋ ਸਾਲ ਪਹਿਲਾਂ ਪੱਕਾ ਕਰਨ ਲਈ ਪੁੱਟ ਦਿੱਤਾ ਗਿਆ ਸੀ ਤੇ ਮਗਰੋਂ ਇਸਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਪੁੱਟੀ ਗਈ ਫਿਰਨੀ ਕਾਰਨ ਪਿੰਡ ਵਾਸੀਆਂ ਨੂੰ ਬਾਰਿਸ਼ ਦੌਰਾਨ ਪਾਣੀ ਇਕੱਠਾ ਹੋਣ ਕਰਕੇ ਭਾਰੀ ਦਿੱਕਤਾਂ ਦਾ ਸਾਹਮਣਾਂ ਕਰਨਾ ਪਿਆ। ਫਿਰਨੀ ਵਿੱਚ ਟੁੱਟੇ ਹੋਏ ਸੀਵਰੇਜ ਦੇ ਢੱਕਣ ਹਾਦਸਿਆਂ ਨੂੰ ਸੱਦਾ ਦੇ ਰਹੇ ਸਨ। ਉਨ੍ਹਾਂ ਇਸ ਬਾਰੇ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤੇ ਵਾਰ ਵਾਰ ਸ਼ਿਕਾਇਤ ਕਰਨ ਮਗਰੋਂ ਫਿਰਨੀ ਦਾ ਚੌਥਾ ਹਿੱਸਾ ਪੱਕਾ ਕਰ ਦਿੱਤਾ ਸੀ। ਬਾਕੀ ਦਾ ਕੰਮ ਵਿਚਾਲੇ ਛੱਡ ਦਿੱਤਾ। ਪਿੰਡ ਵਾਸੀ ਗੋਲੂ ਨੇ ਦੱਸਿਆ ਅੱਜ ਦੋ ਸਾਲ ਬਾਅਦ ਇਸ ਫਿਰਨੀ ਦੇ ਬਾਕੀ ਹਿੱਸੇ ਨੂੰ ਪੱਕਾ ਕਰਨ ਲਈ ਸ਼ੁਰੂ ਕਰਨ ਨੂੰ ਲੈ ਕੇ ਉਨ੍ਹਾਂ ਦੇ ਕੌਂਸਲਰ ਆਏ ਸਨ ਤਾਂ ਪਿੰਡ ਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ।
ਕੌਂਸਲਰ ਸਤੀਸ਼ ਕੈਂਥ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਨੂੰ ਪੱਕਾ ਕਰਨ ਲਈ ਪੇਵਰ ਬਲਾਕ ਲਗਾਏ ਜਾ ਰਹੇ ਸਨ ਪਰ ਕਿਸੇ ਕਾਰਨ ਪਿੰਡ ਦੀ ਫਿਰਨੀ ਵਿੱਚ ਪੇਵਰ ਬਲਾਕ ਲਾਉਣ ਦਾ ਕੰਮ ਵਿਚਾਲੇ ਰੁਕ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸ਼ੁਰੂ ਕਰਵਾਉਣ ਲਈ ਉਨ੍ਹਾਂ ਵੱਲੋਂ ਕੀਤੀ ਜੱਦੋ ਜਹਿਦ ਮਗਰੋਂ ਨਿਗਮ ਵੱਲੋਂ 7 ਸਤੰਬਰ ਨੂੰ ਪਿੰਡ ਦੀ ਫਿਰਨੀ ’ਚ ਪੇਵਰ ਬਲਾਕ ਲਗਾਉਣ ਦਾ ਕੰਮ ਅਲਾਟ ਕੀਤਾ ਸੀ। ਉਹ ਪਿੰਡ ਦੀ ਫਿਰਨੀ ’ਚ ਇਹ ਕੰਮ ਸ਼ੁਰੂ ਕਰਵਾਉਣ ਪੁੱਜੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਸਮਰਥਕਾਂ ਨੇ ਉਨ੍ਹਾਂ ਨਾਲ ਬਹਿਸ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਮੁੱਖ ਰੱਖ ਕੇ ਭਾਜਪਾ ਸਮਰਥਕਾਂ ਨੇ ਪਿੰਡ ’ਚ ਸ਼ੁਰੂ ਕੀਤਾ ਜਾ ਰਹੇ ਵਿਕਾਸ ਕਾਰਜਾਂ ’ਚ ਅੜਿਕਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।