ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 18 ਅਕਤੂਬਰ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਸਮਰਪਿਤ ਹੋਣ ਦਾ ਸੱਦਾ ਦਿੱਤਾ ਹੈ। ਉਹ ਫੇਜ਼-7 ਸਥਿਤ ਆਪਣੇ ਗ੍ਰਹਿ ਵਿਖੇ ਪਹੁੰਚੀਆਂ ਪਿੰਡ ਕੁਰੜੀ, ਗੁਡਾਣਾ ਅਤੇ ਨਾਨੋਮਾਜਰਾ ਦੀਆਂ ਪੰਚਾਇਤਾਂ ਦਾ ਸਨਮਾਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਨਵੇਂ ਚੁਣੇ ਪੰਚਾਂ-ਸਰਪੰਚਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪਿੰਡ ਕੁਰੜੀ ਦੇ ਸਰਪੰਚ ਨਾਹਰ ਸਿੰਘ, ਜਗਰੂਪ ਸਿੰਘ ਢੋਲ, ਗੁਰਮੀਤ ਸਿੰਘ ਨੰਬਰਦਾਰ, ਭਗਵਾਨ ਸਿੰਘ, ਭਾਗ ਸਿੰਘ, ਸਮਸ਼ੇਰ ਸਿੰਘ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਸਨੀਕਾਂ ਤੋਂ ਇਲਾਵਾ ਗੁਡਾਣਾ ਦੇ ਸਰਪੰਚ ਗੁਰਜੰਟ ਸਿੰਘ ਤੇ ਨਾਨੋਮਾਜਰਾ ਦੀ ਪੰਚਾਇਤ ਅਤੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਹਾਜ਼ਰ ਸਨ।