ਪੀਪੀ ਵਰਮਾ
ਪੰਚਕੂਲਾ, 24 ਦਸੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਵਿੱਚ ਅੱਜ ਇਹ ਕਹਿ ਕੇ ਨਵਾਂ ਵਿਵਾਦ ਛੇੜ ਦਿੱਤਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਤਮਾਸ਼ਾ ਕਰ ਰਹੇ ਹਨ। ਇਥੇ ਸੈਕਟਰ-16 ਦੇ ਅਗਰਵਾਲ ਭਵਨ ਵਿੱਚ ਉਹ ਨਗਰ ਨਿਗਮ ਦੀਆਂ ਚੋਣਾਂ ਲਈ ਭਾਜਪਾ ਉਮੀਦਵਾਰ ਦੇ ਪ੍ਰਚਾਰ ਵਾਸਤੇ ਆਏ ਸਨ। ਉਨ੍ਹਾਂ ਭਾਸ਼ਨ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੇ ਬਾਰਡਰ ਉੱਤੇ ਤਮਾਸ਼ਾ ਖੜ੍ਹਾ ਕੀਤਾ ਹੋਇਆ ਹੈ ਅਤੇ ਕਹਿ ਰਹੇ ਹਨ ਕਿ ਉਹ ਇਹ ਤਿੰਨੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਭਲਾ ਇਹ ਕੋਈ ਗੱਲ ਹੋਈ। ਉਨ੍ਹਾਂ ਕਿਹਾ ਜਿਹੜੇ ਲੋਕਾਂ ਨੂੰ ਸੱਤਾ ਨਹੀਂ ਮਿਲਦੀ ਉਹ ਸੱਤਾ ਵਾਸਤੇ ਕਈ ਹੱਥਕੰਡੇ ਅਪਣਾਉਂਦੇ ਹਨ, ਸਾਨੂੰ ਉਨ੍ਹਾਂ ਪਛਾਣ ਕਰਨੀ ਚਾਹੀਦੀ ਹੈ। ਸ੍ਰੀ ਖੱਟਰ ਦੇ ਦੌਰੇ ਤੋਂ ਪਹਿਲਾਂ ਪੁਲੀਸ ਨੇ ਕਿਸਾਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੂੰ ਪਹਿਲਾਂ ਪੁਲੀਸ ਨੇ ਚੰਡੀਮੰਦਰ ਟੌਲ ਪਲਾਜ਼ਾ ਤੋਂ ਚੁੱਕਿਆ, ਫੇਰ ਕੁਝ ਨੂੰ ਪਿੰਡ ਜਲੌਲੀ ਅਤੇ ਰਾਮਗੜ੍ਹ ਕਸਮੇ ਵਿੱਚੋਂ। ਇੱਥੋਂ ਤੱਕ ਕਿ ਉਨ੍ਹਾਂ ਕਿਸਾਨਾਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ ਜਿਨ੍ਹਾਂ ਨੇ ਆਪਣੀਆਂ ਕਾਰਾਂ ਉੱਤੇ ਕਿਸਾਨ ਅੰਦੋਲਨ ਦੇ ਸਟਿੱਕਰ ਲਗਾਏ ਹੋਏ ਸਨ। ਕਿਸਾਨਾਂ ਦੀਆਂ ਕਾਰਾਂ ਵਿੱਚ ਕਈ ਛੋਟੇ ਬੱਚੇ ਅਤੇ ਇਸਤਰੀਆਂ ਸਨ। ਕਾਰਾਂ ਤੋਂ ਜਬਰਦਸਤੀ ਕਿਸਾਨਾਂ ਅੰਦੋਲਨ ਨਾਲ ਸੰਬਧਤ ਸਟਿੱਕਰ ਵੀ ਪੁਲੀਸ ਨੇ ਉਤਾਰ ਦਿੱਤੇ ਅਤੇ ਭਾਜਪਾ ਨਾਲ ਜੁੜੇ ਕਿਸਾਨਾਂ ਦੇ ਉਹ ਸਟਿੱਕਰ ਲਗਾਏ ਗਏ ਜਿਹੜੇ ਕਾਨੂੰਨਾਂ ਨੂੰ ਸਮਰਥਨ ਦਿੰਦੇ ਹਨ।