ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਪਈ ਭਾਰੀ ਬਰਸਾਤ ਕਾਰਨ ਸੈਕਟਰ-19, ਇੰਦਰਾ ਕਲੋਨੀ, ਰਾਜੀਵ ਕਲੋਨੀ ਦੇ ਨਾਲ ਨਾਲ ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਵਿੱਚ ਬਰਸਾਤੀ ਪਾਣੀ ਭਰ ਗਿਆ। ਚੌਕਾਂ ਦੇ ਆਸਪਾਸ ਢਾਈ ਤੋਂ ਤਿੰਨ ਫੁੱਟ ਤੱਕ ਪਾਣੀ ਖੜ੍ਹ ਹੋ ਗਿਆ। ਇੰਦਰਾ ਕਲੋਨੀ ਵਿੱਚੋਂ ਲੰਘਦਾ ਬਰਸਾਤੀ ਨਾਲ ਓਵਰਫਲੋ ਹੋ ਗਿਆ ਅਤੇ ਬਰਸਾਤੀ ਨਾਲੇ ’ਤੇ ਬਣਿਆ ਪੁਲ ਵੀ ਟੁੱਟ ਗਿਆ। ਸੈਕਟਰ-20 ਦੀ ਹਾਊਸਿੰਗ ਸੁਸਾਇਟੀ 105 ਅਤੇ 106 ਦੇ ਬਾਹਰ ਕਈ ਘੰਟੇ ਪਾਣੀ ਨਦੀ ਵਾਂਗ ਚਲਦਾ ਰਿਹਾ। ਇੰਡਸਟਰੀਅਲ ਏਰੀਆ ਫੇਜ਼-1 ਅਤੇ ਫੇਜ਼-2, ਸੈਕਟਰ 14-15 ਦੀ ਮਾਰਕੀਟ ਦੀਆਂ ਕਈ ਦੁਕਾਨਾਂ ਅੰਦਰ ਪਾਣੀ ਦਾਖਲ ਹੋ ਗਿਆ। ਬਰਸਾਤ ਕਾਰਨ ਘੱਗਰ ਨਦੀ, ਕੁਸ਼ੱਲਿਆ, ਸਿਸਵਾਂ ਅਤੇ ਕੁਸ਼ੱਲਿਆ ਡੈਮ ਪਿੰਜੌਰ ਵਿੱਚ ਪਾਣੀ ਚੜ੍ਹਿਆ ਰਿਹਾ। ਚੌਕਾਂ ਵਿੱਚ ਲੋਕਾਂ ਦੇ ਵਾਹਨ ਪਾਣੀ ਵਿੱਚ ਖੜ੍ਹ ਗਏ ਜਿਹਨਾਂ ਨੂੰ ਧੱਕੇ ਲਾ ਕੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਬਰਸਾਤ ਕਾਰਨ ਮਾਰਕੀਟਾਂ ਵੀ ਘੱਟ ਹੀ ਖੁੱਲ੍ਹੀਆਂ।