ਪੀ.ਪੀ. ਵਰਮਾ
ਪੰਚਕੂਲਾ, 9 ਜੁਲਾਈ
ਮੀਂਹ ਕਰਕੇ ਕੁਸ਼ੱਲਿਆ ਡੈਮ ’ਚ ਵੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਹੈ। ਕੁਸ਼ੱਲਿਆ ਡੈਮ ਵਿੱਚ 478 ਮੀਟਰ ਪਾਣੀ ਦੀ ਸਟੋਰੇਜ ਸਮਰੱਥਾ ਹੈ, ਉੱਥੇ ਪਾਣੀ ਵਧਣ ਕਰਕੇ ਦੋ ਗੇਟ ਖੋਲ੍ਹ ਦਿੱਤੇ ਗਏ ਤੇ ਅੱਜ 700 ਕਿਊਸਿਕ ਪਾਣੀ ਛੱਡਿਆ ਗਿਆ। ਪੰਚਕੂਲਾ ਵਿੱਚ ਘੱਗਰ ਨਦੀ ਵੀ ਖਤਰੇ ਨੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਸਿੰਚਾਈ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਆਰ.ਐੱਸ. ਮਿੱਤਲ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਡੈਮ ਦੇ ਪਾਣੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਡਗਰਾਨਾ ਪਿੰਡ ਕੋਲ ਪਹਾੜ ਦੀਆਂ ਢਿੱਗਾਂ ਡਿੱਗ ਗਈਆਂ। ਮੋਰਨੀ ਵਾਲੀ ਸੜਕ ’ਤੇ ਕਈ ਥਾਂ ਪਹਾੜ ਦਾ ਮਲਵਾ ਡਿੱਗ ਜਾਣ ਕਾਰਨ ਮੋਰਨੀ ਤੋਂ ਟਿੱਕਰਤਾਲ, ਮੋਰਨੀ ਤੋਂ ਪਿੰਡ ਬੜੀਸ਼ੇਰ, ਪੰਚਕੂਲਾ ਤੋਂ ਮੋਰਨੀ ਰਾਏਪੁਰ ਰਾਣੀ ਤੋਂ ਮੋਰਨੀ ਵਾਇਆ ਥਾਪਲੀ ਸੜਕ ਬੰਦ ਕਰ ਦਿੱਤੀ ਹੈ। ਸੈਕਟਰ-20, 19, 25 ਅਤੇ 16 ਦੇ ਘਰਾਂ ਵਿੱਚ ਬਰਸਾਤੀ ਪਾਣੀ ਆ ਗਿਆ। ਪਿੰਡ ਟਿੱਬੀ ’ਚ ਬਰਸਾਤ ਕਾਰਨ ਅੱਜ ਸਵੇਰੇ ਛੇ ਵਜੇ ਲੈਂਟਰ ਡਿੱਗ ਜਾਣ ਕਾਰਨ ਛੇ ਦੁਧਾਰੂ ਪਸ਼ੂਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਦੀ ਪਸ਼ੂ ਦੀ ਲੱਤ ਕੱਟੀ ਗਈ। ਇਹ ਪਸ਼ੂ ਰਾਮ ਕੁਮਾਰ ਅਤੇ ਅਵਤਾਰ ਸਿੰਘ ਦੇ ਦੱਸੇ ਗਏ ਹਨ। ਨਗਰ ਨਿਗਮ ਨੇ ਹੈਲਪ-ਲਾਈਨ ਨੰਬਰ 9696120120 ਜਾਰੀ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੇ ਮੱਦੇਨਜ਼ਰ ਨਦੀਆਂ ਦੇ ਆਸਪਾਸ ਧਾਰਾ 144 ਲਗਾ ਰੱਖੀ ਹੈ।