ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਅਪਰੈਲ
ਇੱਥੋਂ ਦੇ ਮਾਊਂਟ ਕਾਰਮਲ ਸਕੂਲ ਸੈਕਟਰ-47 ਬਾਹਰ ਅੱਜ ਸਵੇਰੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਸਕੂਲ ਦੇ ਬਾਹਰ ਕਰੀਬ 3 ਘੰਟੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਮਾਪਿਆਂ ਤੋਂ ਕਰੋਨਾ ਕਾਲ ਦੀਆਂ ਫੀਸਾਂ ਦਾ ਬਕਾਇਆ ਮੰਗ ਰਿਹਾ ਹੈ। ਇਸ ਫ਼ੈਸਲੇ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਦਾ ਨਤੀਜਾ ਵੀ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਮੈਨੇਜਮੈਂਟ ਨੇ ਹਾਈ ਕੋਰਟ ਵਿੱਚ ਕੇਸ ਦਾਇਰ ਕਰਨ ਵਾਲੇ ਮਾਪਿਆਂ ਦੇ ਕਰੀਬ 50 ਫੀਸਦੀ ਬੱਚਿਆਂ ਦਾ ਨਤੀਜਾ ਐਲਾਨ ਦਿੱਤਾ। ਹਾਲਾਂਕਿ ਕਈ ਬੱਚਿਆਂ ਦੇ ਨਤੀਜੇ ਅਜੇ ਵੀ ਰੋਕੇ ਹੋਏ ਹਨ। ਦੱਸਣਾ ਬਣਦਾ ਹੈ ਕਿ 133 ਬੱਚਿਆਂ ਦੇ ਪਰਿਵਾਰਾਂ ਨੇ ਅਦਾਲਤ ’ਚ ਮੈਨੇਜਮੈਂਟ ਖ਼ਿਲਾਫ਼ ਪਟੀਸ਼ਨ ਪਾਈ ਹੋਈ ਹੈ।
ਗੁਰਪ੍ਰੀਤ ਕਟਵਾਲ ਤੇ ਹੋਰ ਮਾਪਿਆਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਕਰੋਨਾ ਸਮੇਂ ਦੌਰਾਨ ਸਕੂਲ ਦਾ ਕੋਈ ਬੁਨਿਆਦੀ ਢਾਂਚਾ ਨਹੀਂ ਵਰਤਿਆ। ਬੱਚੇ ਘਰ ਬੈਠੇ ਸਨ, ਅਜਿਹੇ ’ਚ ਕੰਪਿਊਟਰ ਤੇ ਹੋਰ ਖਰਚੇ ਵਸੂਲਣੇ ਕਿੰਨੇ ਕੁ ਜਾਇਜ਼ ਹਨ। ਕਈ ਮਾਪਿਆਂ ਨੇ ਦੋਸ਼ ਲਾਇਆ ਕਿ ਸਕੂਲ ਮੈਨੇਜਮੈਂਟ, ਟਰਾਂਸਫਰ ਸਰਟੀਫਿਕੇਟ ਵੀ ਨਹੀਂ ਦੇ ਰਹੀ। ਇਸ ਲਈ ਪਹਿਲਾਂ ਸਾਰਾ ਬਕਾਇਆ ਕਲੀਅਰ ਕਰਨ ਲਈ ਕਿਹਾ ਜਾ ਰਿਹਾ ਹੈ। ਮਾਪਿਆਂ ਨੇ ਕਿਹਾ ਕਿ ਜੇਕਰ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਪ੍ਰਦਰਸ਼ਨਕਾਰੀ ਮਾਪਿਆਂ ਨੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਦੀਆਂ ਗਲਤੀਆਂ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਜਦੋਂ ਹਾਈ ਕੋਰਟ ਨੇ ਸਕੂਲਾਂ ਨੂੰ ਬੈਲੇਂਸ ਸ਼ੀਟ ਵੈੱਬਸਾਈਟ ’ਤੇ ਅਪਲੋਡ ਕਰਨ ਦੇ ਹੁਕਮ ਦਿੱਤੇ ਹਨ ਤਾਂ ਵੇਰਵੇ ਨਸ਼ਰ ਨਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।
ਪ੍ਰਿੰਸੀਪਲ ਪਰਵੀਨਾ ਜੌਹਨ ਸਿੰਘ ਨੇ ਦੱਸਿਆ ਕਿ ਸਕੂਲ ਵੱਲੋਂ ਅਦਾਲਤੀ ਨਿਰਦੇਸ਼ਾਂ ਅਨੁਸਾਰ ਹੀ ਬਕਾਏ ਮੰਗੇ ਜਾ ਰਹੇ ਹਨ। ਕੁਝ ਮਾਪੇ ਹੋਰਾਂ ਨੂੰ ਗੁੰਮਰਾਹ ਕਰ ਰਹੇ ਹਨ। ਸਕੂਲ ਵੱਲੋਂ ਕਿਸੇ ਵੀ ਵਿਦਿਆਰਥੀ ਦਾ ਨਤੀਜਾ ਨਹੀਂ ਰੋਕਿਆ ਗਿਆ।