ਲਾਲੜੂ (ਸਰਬਜੀਤ ਸਿੰਘ ਭੱਟੀ): ਅੰਬਾਲਾ-ਕਾਲਕਾ ਰੇਲਵੇ ਮਾਰਗ ’ਤੇ ਸਥਿਤ ਦੱਪਰ ਰੇਲਵੇ ਸਟੇਸ਼ਨ ਨੇੜੇ ‘ਰੇਲ ਰੋਕੋ ਅੰਦੋਲਨ’ ਤਹਿਤ ਰੇਲਵੇ ਲਾਈਨ ’ਤੇ ਬੈਠੇ ਕਿਸਾਨਾਂ ਕਾਰਨ ਲਖਨਊ ਤੋਂ ਚੰਡੀਗੜ੍ਹ ਜਾ ਰਹੀ ਸਦਭਾਵਨਾ ਐਕਸਪ੍ਰੈਸ ਸਪੈਸ਼ਲ ਟਰੇਨ ਦੱਪਰ ਰੇਲਵੇ ਸਟੇਸ਼ਨ ’ਤੇ ਹੀ ਰੋਕਣੀ ਪਈ ਜਿਸ ਕਾਰਨ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਸੈਂਕੜੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਟੀ.ਟੀ. ਸੰਤੋਸ਼ ਕੁਮਾਰ ਨੇ ਦੱਸਿਆ ਕਿ ਇਹ ਟਰੇਨ ਲਖਨਊ ਤੋਂ ਚੰਡੀਗੜ੍ਹ ਜਾ ਰਹੀ ਸੀ, ਜਿਸ ਵਿੱਚ ਕਰੀਬ 1600 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਟਰੇਨ ਸਵੇਰੇ 10:15 ’ਤੇ ਰੇਲਵੇ ਸਟੇਸ਼ਨ ਦੱਪਰ ਨੇੜੇ ਪੁੱਜੀ ਤਾਂ ਕਿਸਾਨਾਂ ਦੇ ਅੰਦੋਲਨ ਤੇ ਧਰਨੇ ਕਾਰਨ ਟਰੇਨ ਨੂੰ ਦੱਪਰ ਸਟੇਸ਼ਨ ’ਤੇ ਹੀ ਰੋਕ ਦਿੱਤਾ ਗਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਬਿਮਾਰ ਬਜ਼ੁਰਗ ਵਿਅਕਤੀਆਂ ਨੂੰ ਝੱਲਣੀ ਪਈ, ਜਿਨ੍ਹਾਂ ਨੂੰ ਆਪਣਾ ਸਾਮਾਨ ਚੁੱਕ ਕੇ ਦੱਪਰ ਬੱਸ ਅੱਡੇ ’ਤੇ ਵੱਖ-ਵੱਖ ਵਾਹਨਾਂ ਰਾਹੀਂ ਜਾਣ ਲਈ ਮਜਬੂਰ ਹੁੰਦਿਆਂ ਵੇਖਿਆ ਗਿਆ।
ਫੋਟੋ ਕੈਪਸ਼ਨ: ਦੱਪਰ ਰੇਲਵੇ ਸਟੇਸ਼ਨ ’ਤੇ ਸਦਭਾਵਨਾ ਐਕਸਪ੍ਰੈੱਸ ਦੀਆਂ ਸਵਾਰੀਆਂ ਸਾਮਾਨ ਚੁੱਕ ਕੇ ਜਾਂਦੀਆਂ ਹੋਈਆਂ।