ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 25 ਫਰਵਰੀ
ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੀ ਪੀ ਫੋਰ ਮਾਰਗ ਦੀਆਂ ਬਰਮਾਂ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਦਿਨ ਰਾਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਕੰਸਾਲਾ, ਤੀੜਾ, ਬਾਂਸੇਪੁਰ, ਸੰਗਾਲਾਂ, ਰਾਣੀਮਾਜਰਾ, ਕਰਤਾਰਪੁਰ, ਸੈਣੀਮਾਜਰਾ, ਤੋਗਾਂ ਤੇ ਬੂਥਗੜ੍ਹ ਪਿੰਡਾਂ ਦੀਆਂ ਕੁੱਝ ਐਕਵਾਇਰ ਹੋਈਆਂ ਜ਼ਮੀਨਾਂ ਵਿੱਚੋਂ ਕਰੀਬ ਅੱਠ ਕਿੱਲੋਮੀਟਰ ਲੰਬੀ ਤੇ ਚਾਰ ਮਾਰਗੀ ਸੜਕ ਬਣਾਈ ਗਈ ਸੀ, ਜੋ ਕਿ ਨਿਊ ਚੰਡੀਗੜ੍ਹ ਸ਼ਹਿਰ ਦਾ ਮੂੰਹ ਮੱਥਾ ਹੈ। ਪਿਛਲੇ ਸਮੇਂ ਦੌਰਾਨ ਹੋਈਆਂ ਬਾਰਸ਼ਾਂ ਕਾਰਨ ਬਰਮ ਵਿੱਚ ਕਈ ਥਾਵਾਂ ਵਿੱਚ ਡੂੰਘੇ-ਡੂੰਘੇ ਟੋਏ ਪੈ ਗਏ ਹਨ, ਜਿਨ੍ਹਾਂ ਵਿੱਚ ਹਨੇਰੇ-ਸਵੇਰੇ ਸੜਕ ਤੋਂ ਲੰਘਦੇ ਸਾਈਕਲ ਜਾਂ ਰੇਹੜੀਆਂ ਵਾਲਿਆਂ ਦੇ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਕੁੱਝ ਰਾਹਗੀਰ ਲੋਕਾਂ ਨੇ ਇਨ੍ਹਾਂ ਨੇ ਟੋਇਆਂ ਵਿੱਚ ਡਿੱਗਣ ਤੋਂ ਬਚਣ ਲਈ ਸੜਕ ’ਤੇ ਹੀ ਪੱਥਰ ਰੱਖ ਦਿੱਤੇ ਹਨ ਪਰ ਉਹ ਵੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਲਾਕਾ ਵਾਸੀ ਸੁਖਦੇਵ ਸਿੰਘ ਸੁੱਖਾ ਕੰਸਾਲਾ, ਮਲਕੀਤ ਸਿੰਘ ਪੰਮੀ ਕੰਸਾਲਾ, ਅਮਰਗੀਰ, ਸੁਰਜੀਤ ਸਿੰਘ ਸੈਣੀ ਮਾਜਰਾ, ਆਦਿ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬਰਮਾਂ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਵਾਇਆ ਜਾਵੇ।