ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 25 ਅਕਤੂਬਰ
ਨਿਊ ਚੰਡੀਗੜ੍ਹ ਵਿੱਚ ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੇ ਕਰੀਬ ਅੱਠ ਕਿੱਲੋਮੀਟਰ ਲੰਮੇ ਮਾਰਗ ’ਤੇ ਗਮਾਡਾ ਵੱਲੋਂ ਲਗਾਈਆਂ ਟਰੈਫਿਕ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਬਿਲਕੁਲ ਬੰਦ ਪਈਆਂ ਹਨ। ਪਿੰਡ ਤੀੜਾ ਵਿੱਚ ਕ੍ਰਿਕਟ ਸਟੇਡੀਅਮ ਕੋਲ ਬੰਦ ਪਈਆਂ ਲਾਈਟਾਂ ਸਬੰਧੀ ਫਕੀਰ ਚੰਦ, ਸ਼ਮਸ਼ੇਰ ਰਾਣਾ, ਰਾਣਾ ਜੰਗ ਬਹਾਦਰ ਬਿੱਲਾ, ਹਰਜਿੰਦਰ ਸਿੰਘ, ਕੌਸ਼ਲ, ਗੁਰਵਿੰਦਰ ਸਿੰਘ ਲਾਡੀ, ਸੁਰਜੀਤ ਸਿੰਘ ਸਾਬਕਾ ਸਰਪੰਚ ਸੈਣੀਮਾਜਰਾ ਆਦਿ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਰੋਸ਼ਨੀ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਦੇ ਹਨ ਪਰ ਤੋਗਾਂ ਤੋਂ ਬੂਥਗੜ੍ਹ ਮਾਰਗ ਉਤੇ ਦੀਵਾਲੀ ਦੀ ਰਾਤ ਨੂੰ ਵੀ ਲਾਈਟਾਂ ਨਹੀਂ ਜਗੀਆਂ। ਲੋਕਾਂ ਅਨੁਸਾਰ ਕੁਰਾਲੀ, ਰੋਪੜ ਤੇ ਚੰਡੀਗੜ੍ਹ ਨੂੰ ਦਿਨ ਰਾਤ ਲੋਕ ਆਪਣੇ ਵਾਹਨਾਂ ਰਾਹੀਂ ਆਉਂਦੇ ਜਾਂਦੇ ਰਹਿੰਦੇ ਹਨ, ਲਾਈਟਾਂ ਨਾ ਜਗਣ ਕਾਰਨ ਸਾਈਕਲ, ਰੇਹੜੀਆਂ ਆਦਿ ਵਾਹਨਾਂ ਦੇ ਹਾਦਸੇ ਹੋ ਜਾਂਦੇ ਹਨ ਅਤੇ ਪਿਛਲੇ ਸਮੇਂ ਮੌਤਾਂ ਵੀ ਹੋ ਚੁੱਕੀਆਂ ਹਨ। ਲੋਕਾਂ ਨੇ ਗਮਾਡਾ, ਨਿਊ ਚੰਡੀਗੜ੍ਹ ਦੇ ਪ੍ਰਬੰਧਕਾਂ ਤੇ ਪਾਵਰਕੌਮ ਦੇ ਅਧਿਕਾਰੀਆਂ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਰਾਤ ਸਮੇਂ ਲਾਈਟਾਂ ਜਗਾਉਣ ਲਈ ਉਪਰਾਲਾ ਕੀਤਾ ਜਾਵੇ।