ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 4 ਅਗਸਤ
ਪੰਜਾਬ ’ਚ ਪਟਵਾਰੀਆਂ ਦੀਆਂ 4716 ਅਸਾਮੀਆਂ ਨੂੰ ਘਟਾ ਕੇ 3660 ਕਰਨ ਦੇ ਫੈਸਲੇ ਕਾਰਨ ਪਟਵਾਰੀਆਂ, ਕਾਨੂੰਨਗੋਆਂ ਅਤੇ ਬੇਰੁਜ਼ਗਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਨੂੰ ਇਹ ਹੁਕਮ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਪ੍ਰਿੰਸਜੀਤ ਸਿੰਘ ਸਿੱਧੂ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਆਗੂ ਮੋਹਨ ਸਿੰਘ ਭੇਡਪੁਰਾ ਨੇ ਕੀਤਾ ਹੈ।
ਅਸਾਮੀਆਂ ਘਟਾਉਣ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਸਾੜਦੇ ਹੋਏ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂ ਚਿਤਾਵਨੀ ਪੱਤਰ ਵੀ ਸੌਂਪਿਆ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰਸਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਿਆਂ ਦੀ ਗਿਣਤੀ 13 ਤੋਂ ਵੱਧ ਕੇ 23 ਹੋ ਚੁੱਕੀ ਹੈ ਤੇ ਤਹਿਸੀਲਾਂ 62 ਤੋਂ ਵੱਧ ਕੇ 96 ਹੋ ਚੁੱਕੀਆਂ ਹਨ ਪਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਆਯੁੂਸ਼ਮਾਨ, ਈ-ਗਿਰਦਾਵਰੀ, ਮੁਆਵਜ਼ੇ ਦੇ ਕੇਸ, ਜਨ-ਧਨ ਯੋਜਨਾ, ਲਾਲ ਲਕੀਰ ਦੀ ਮਾਲਕੀ ਕਾਇਮ ਕਰਨ ਆਦਿ ਯੋਜਨਾਵਾਂ ਨਾਲ ਮਾਲ ਪਟਵਾਰੀਆਂ ’ਤੇ ਕੰਮ ਦਾ ਬੋਝ ਹੋਰ ਵਧ ਚੁੱਕਾ ਹੈ। ਇਸ ਕਰਕੇ ਅਸਾਮੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਸੀ ਪਰ ਅਸਾਮੀਆਂ ਨੂੰ ਹੋਰ ਘਟਾ ਕੇ ਕਥਿਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸਾਮੀਆਂ ਘਟਾਉਣ ਦੀ ਪ੍ਰਕਿਰਿਆ ਬੇਸ਼ੱਕ ਸਾਲ 2019 ਤੋਂ ਚੱਲ ਰਹੀ ਹੈ ਪਰ ਮੌਜੂਦਾ ‘ਆਪ’ ਸਰਕਾਰ ਵੀ ਇਸ ਰੁਝਾਨ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਹੈ।
ਇਸ ਮੌਕੇ ਕਾਨੂੰਨਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ, ਦਵਿੰਦਰ ਸ਼ਰਮਾ, ਜਗਪ੍ਰੀਤ ਸਿੰਘ, ਡਿੰਪਲ ਗਰਗ, ਸਰਬਜੀਤ ਵਾਲੀਆ ਹਾਜ਼ਰ ਸਨ।