ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਅਕਤੂਬਰ
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਰਾਹ ਪੱਧਰਾ ਹੋ ਗਿਆ ਹੈ। ਵਾਰਡਬੰਦੀ ਬੋਰਡ ਦੀ ਅੱਜ ਹੋਈ ਮੀਟਿੰਗ ਵਿੱਚ ਮੁਹਾਲੀ ਦੀ ਨਵੇਂ ਸਿਰਿਓਂ ਵਾਰਡਬੰਦੀ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਕੀਤੀ। ਉਨ੍ਹਾਂ ਵੱਲੋਂ ਹੀ ਸ਼ਹਿਰ ਦੀ ਆਬਾਦੀ ਦੇ ਸਰਵੇ ਅਨੁਸਾਰ ਵਾਰਡਬੰਦੀ ਦੇ ਪ੍ਰਸਤਾਵਿਤ ਖਰੜੇ (ਨਕਸ਼ੇ) ਨੂੰ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਹਾਇਕ ਕਮਿਸ਼ਨ (ਸ਼ਿਕਾਇਤਾਂ) ਯਸ਼ਪਾਲ ਸ਼ਰਮਾ, ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ ਸਮੇਤ ਗੈਰਸਰਕਾਰੀ ਮੈਂਬਰ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਹਾਜ਼ਰ ਸਨ।
ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਅੱਜ ਮੀਟਿੰਗ ਵਿੱਚ ਨਵੀਂ ਵਾਰਡਬੰਦੀ ਦਾ ਖਰੜਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਸੂਬਾ ਸਰਕਾਰ ਦੀ ਚਿੱਠੀ ਮਿਲਣ ਤੋਂ ਬਾਅਦ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਜਾਰੀ ਕਰਕੇ ਸਮੂਹ ਸਾਬਕਾ ਕੌਂਸਲਰਾਂ ਅਤੇ ਆਮ ਲੋਕਾਂ ਦੇ ਦੇਖਣ ਲਈ ਪ੍ਰਸਤਾਵਿਤ ਖਰੜਾ (ਨਕਸ਼ਾ) ਨਗਰ ਨਿਗਮ ਦਫ਼ਤਰ ਵਿੱਚ ਰੱਖਿਆ ਜਾਵੇਗਾ। ਇਸ ਦੌਰਾਨ ਇਤਰਾਜ਼ ਵੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਨਵੇਂ ਸਿਰਿਓਂ ਵਾਰਡਬੰਦੀ ਕੀਤੀ ਗਈ ਹੈ ਪਰ ਜੇਕਰ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੈ ਅਤੇ ਉਹ ਲਿਖਤੀ ਰੂਪ ਵਿੱਚ ਇਤਰਾਜ਼ ਦੇ ਸਕੇਗਾ ਤਾਂ ਉਸ ਨੂੰ ਵਿਚਾਰਿਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਨਕਸ਼ਾ ਨਿਗਮ ਦਫ਼ਤਰ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ ਅਤੇ ਅਖ਼ਬਾਰ ਵਿੱਚ ਪਬਲਿਕ ਨੋਟਿਸ ਪ੍ਰਕਾਸ਼ਿਤ ਦੇ ਹੋਣ ਦੇ 7 ਦਿਨਾਂ ਦੇ ਅੰਦਰ ਕੋਈ ਵੀ ਵਿਅਕਤੀ ਨਕਸ਼ਾ ਆ ਕੇ ਦੇਖ ਸਕਦਾ ਹੈ ਅਤੇ ਇਤਰਾਜ਼ ਦੇ ਸਕਦਾ ਹੈ। ਦਰਜ ਕਰਵਾਏ ਇਤਰਾਜ਼ਾਂ ਬਾਰੇ ਕੋਈ ਵੀ ਫੈਸਲਾ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਹੀ ਲਿਆ ਜਾ ਸਕੇਗਾ। ਬੋਰਡ ਦੇ ਨਿਰਣੇ ਅਨੁਸਾਰ ਵਾਰਡਬੰਦੀ ਵਿੱਚ ਲੋੜੀਂਦੀ ਤਬਦੀਲੀ (ਜੇ ਕੋਈ ਹੋਵੇ) ਕਰਕੇ ਵਾਰਡਬੰਦੀ ਦੇ ਨਕਸ਼ੇ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ। ਇਸ ਉਪਰੰਤ ਵੱਖ-ਵੱਖ ਵਾਰਡਾਂ ਦੀਆਂ ਵੋਟਰ ਲਿਸਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਕਈ ਵਾਰਡ ਔਰਤਾਂ ਲਈ ਰਾਖਵੇਂ ਕੀਤੇ
ਸੂਤਰਾਂ ਅਨੁਸਾਰ ਅਕਾਲੀ ਦਲ ਤੇ ਭਾਜਪਾ ਦੇ ਕਈ ਸਾਬਕਾ ਕੌਂਸਲਰਾਂ ਦੇ ਮੌਜੂਦਾ ਵਾਰਡਾਂ ਨਾਲ ਛੇੜਛਾੜ ਕਰਦਿਆਂ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ। ਭਾਜਪਾ ਦੇ ਸਾਬਕਾ ਕੌਂਸਲਰ ਅਰੁਣ ਸ਼ਰਮਾ ਸਮੇਤ ਅਕਾਲੀ ਦਲ ਦੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ, ਸਰਬਜੀਤ ਸਿੰਘ, ਗੁਰਮੀਤ ਸਿੰਘ ਵਾਲੀਆ, ਸਤਵੀਰ ਸਿੰਘ ਧਨੋਆ, ਪਰਮਜੀਤ ਸਿੰਘ ਕਾਹਲੋਂ ਦੇ ਵਾਰਡ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁੱਝ ਵਾਰਡਾਂ ਦੀ ਬਣਤਰ ਵੀ ਅਜਿਹੀ ਬਣਾਈ ਗਈ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਅਕਾਲੀ ਭਾਜਪਾ ਨਾਲ ਸਬੰਧਤ ਦੋ ਸਾਬਕਾ ਕੌਂਸਲਰ ਆਹਮੋ-ਸਾਹਮਣੇ ਚੋਣ ਲੜਨ ਲਈ ਮਜਬੂਰ ਹੋਣਗੇ।