ਪੱਤਰ ਪ੍ਰੇਰਕ
ਚੰਡੀਗੜ੍ਹ, 22 ਜੂਨ
ਜਨਰਲ ਕੈਟਾਗਰੀ ਵੈੱਲਫ਼ੇਅਰ ਫੈਡਰੇਸ਼ਨ ਵੱਲੋਂ ਕਈ ਮਸਲਿਆਂ ਉਤੇ ਵਿਚਾਰ-ਚਰਚਾ ਕਰਨ ਲਈ ਈ-ਮੀਟਿੰਗ ਕੀਤੀ ਗਈ। ਸਰਪ੍ਰਸਤ ਸ਼ਿਆਮ ਲਾਲ ਸ਼ਰਮਾ ਅਤੇ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਪ੍ਰੈੱਸ ਸਕੱਤਰ ਜਗਦੀਸ਼ ਸਿੰਗਲਾ, ਬਲਬੀਰ ਸਿੰਘ ਫੁਗਲਾਣਾ ਅਤੇ ਮਕੇਸ਼ ਪੁਰੀ ਨੇ ਵੀ ਹਿੱਸਾ ਲਿਆ। ਫੈੱਡਰੇਸ਼ਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਪੀਸੀਐੱਸ ਦੀਆਂ ਅਸਾਮੀਆਂ ਭਰਨ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਚਾਰ ਤੋਂ ਵਧਾ ਕੇ ਛੇ ਮੌਕੇ ਕਰ ਦਿੱਤੇ ਗਏ ਹਨ। ਇਸ ਲਈ ਅਸਾਮੀਆਂ ਭਰਨ ਲਈ ਉਮਰ ਸੀਮਾ ਵੀ ਹੁਣ 28 ਤੋਂ ਵਧਾ ਕੇ 32 ਸਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਫੈੱਡਰੇਸ਼ਨ ਦੀ ਇਹ ਵੀ ਮੰਗ ਹੈ ਕਿ ਸਿੱਖਿਆ ਵਿਭਾਗ ਦੇ ਐਲੀਮੈਂਟਰੀ ਵਿੰਗ ਵਿੱਚ ਮੁੱਖ ਅਧਿਆਪਕਾਂ ਤੇ ਸੀਐੱਚਟੀ ਦੀਆਂ ਤਰੱਕੀਆਂ ਸੀਨੀਆਰਤਾ ਦੇ ਅਧਾਰ ’ਤੇ ਕੀਤੀਆਂ ਜਾਣ। ਸੀਨੀਅਰ ਸੈਕੰਡਰੀ ਵਿਭਾਗ ਵਿੱਚ ਖਾਲੀ ਅਸਾਮੀਆਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਤੇ ਵਿਭਾਗ ਵਿੱਚ ਖਾਲੀ ਡਿਪਟੀ ਡਾਇਰੈਕਟਰਾਂ ਦੀਆਂ ਅਸਾਮੀਆਂ ਪੱਕੇ ਤੌਰ ’ਤੇ ਭਰ ਕੇ ਡੀਪੀਆਈ ਐਲੀਮੈਂਟਰੀ ਦੀ ਅਸਾਮੀ ’ਤੇ ਪੱਕੀ ਨਿਯੁਕਤੀ ਕੀਤੀ ਜਾਵੇ। ਇਸ ਬਾਰੇ ਸਿੱਖਿਆ ਮੰਤਰੀ ਨੂੰ ਫੈ਼ਸਲੇ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਕਰੋਨਾ ਦੀ ਮਾਰ ਝੱਲ ਰਹੇ ਦੇਸ਼ ਵਾਸੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਰਾਹਤ ਦੇਣ ਲਈ ਫੈਡਰੇਸ਼ਨ ਆਗੂਆਂ ਜਸਵੰਤ ਸਿੰਘ ਧਾਲੀਵਾਲ, ਜਸਵੀਰ ਸਿੰਘ ਗੋਸਲ, ਸਰਬਜੀਤ ਕੌਸ਼ਲ ਨੇ ਪੈਟਰੋਲ ਅਤੇ ਡੀਜ਼ਲ ਵਿੱਚ ਕੀਤੇ ਜਾ ਰਹੇ ਲਗਾਤਾਰ ਵਾਧੇ ਨੂੰ ਰੋਕਣ ਦੀ ਮੰਗ ਕੀਤੀ। ਇਸ ਮੌਕੇ ਲੱਦਾਖ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।