ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਚੰਡੀਗੜ੍ਹ ਵਾਸੀਆਂ ਵੱਲੋਂ ਰੋਜ਼ਾਨਾ ਵੱਖ-ਵੱਖ ਚੌਕਾਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਲੋਕਾਂ ਦਾ ਉਤਸ਼ਾਹ ਬਰਕਰਾਰ ਹੈ। ਚੰਡੀਗੜ੍ਹੀਆਂ ਦੇ ਉਤਸ਼ਾਹ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਪਹੁੰਚੇ ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਪਹੁੰਚ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬਜ਼ੁਰਗ, ਬੀਬੀਆਂ, ਨੌਜਵਾਨ ਅਤੇ ਬੱਚੇ ਵੀ ਹਾਜ਼ਰ ਸਨ। ਸ੍ਰੀ ਚੜੂਨੀ ਨੇ ਸੈਕਟਰ-39 ਦੇ ਮੰਡੀ ਚੌਕ ਤੋਂ ਸ਼ੁਰੂ ਹੁੰਦਿਆ, ਸੈਕਟਰ-40, 41 42, 44, 45 ਅਤੇ 47 ਚੌਕ ਵਿੱਚ ਲੱਗੇ ਧਰਨਿਆਂ ਵਿੱਚ ਸ਼ਿਰਕਤ ਕੀਤੀ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਨੂਰਪੁਰ ਬੇਦੀ ਬਲਾਕ ਦੇ ਵਿੱਚ ਪਿੰਡ ਅਬਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਕਾਨਫ਼ਰੰਸ ਕੀਤੀ ਗਈ। ਇਸ ਕਿਸਾਨ ਸੰਮੇਲਨ ਵਿੱਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਤੇ ਗੌਰਵ ਟਿਕੈਤ ਪਹੁੰਚੇ ਜਿਨ੍ਹਾਂ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਇਸ ਮੌਕੇ ਕਿਸਾਨ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਮੋਹਣ ਸਿੰਘ ਧਮਾਣਾ, ਸੁਰਜੀਤ ਸਿੰਘ ਢੇਰ, ਦਿਨੇਸ਼ ਚੱਢਾ, ਜਗਦੀਪ ਕੌਰ ਢੱਡੀ ਸਮੇਤ ਸੈਕੜੇ ਕਿਸਾਨ ਹਾਜ਼ਰ ਸਨ।
ਕਿਸਾਨੀ ਸੰਘਰਸ਼ ਭਾਜਪਾ ਦੇ ਪਤਨ ਦਾ ਕਾਰਨ ਬਣੇਗਾ: ਚੜੂਨੀ
ਕੁਰਾਲੀ (ਮਿਹਰ ਸਿੰਘ): ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪਤਨ ਦਾ ਕਾਰਨ ਦੇਸ਼ ਵਿੱਚ ਚੱਲ ਰਿਹਾ ਕਿਸਾਨ ਸੰਘਰਸ਼ ਹੀ ਬਣੇਗਾ। ਬੰਗਾਲ ਚੋਣਾਂ ਤੋਂ ਦੇਸ਼ ਦੇ ਕਿਸਾਨਾਂ ਨੇ ਬੀਜੇਪੀ ਦੇ ਪਤਨ ਦਾ ਮੁੱਢ ਬੰਨ੍ਹ ਦਿੱਤਾ ਹੈ। ਇਹ ਖੁਲਾਸਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਨੇੜਲੇ ਪਿੰਡ ਚੈੜੀਆਂ ਵਿਖੇ ਕੀਤਾ। ਇਸ ਮੌਕੇ ਕਿਸਾਨ ਆਗੂ ਸਤਵਿੰਦਰ ਸਿੰਘ ਚੈੜੀਆਂ, ਬਲਜਿੰਦਰ ਸਿੰਘ ਚਡਿਆਲਾ,ਹਰਬੰਸ ਸਿੰਘ ਬੰਨਮਾਜਰਾ,ਹਰਮੇਸ਼ ਬੈਂਸ,ਕੁਲਦੀਪ ਸਿੰਘ ਮੋੜੀਹਰਪ੍ਰੀਤ ਬਿੱਲਾ,ਅਮਿਤ ਗੌਤਮ, ਰਣਜੀਤ ਸਿੰਘ ਕਾਕਾ ਮਾਰਸ਼ਲ,ਅਮਰੀਕ ਸਿੰਘ ਬਰਨਾਲਾ, ਪਿੰਡ ਵਾਸੀ ਤੇ ਕਿਸਾਨ ਹਾਜ਼ਰ ਸਨ।