ਕਰਮਜੀਤ ਸਿੰਘ ਚਿੱਲਾ
ਬਨੂੜ, 29 ਦਸੰਬਰ
ਇਸ ਖੇਤਰ ਦੇ ਪਿੰਡਾਂ ਵਿੱਚੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਟਰੈਕਟਰ-ਟਰਾਲੀਆਂ ਦੀਆਂ ਵਹੀਰਾਂ ਵਿੱਚ ਮੁੜ ਤੇਜ਼ੀ ਆ ਗਈ ਹੈ। ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਨੇ ਆਪੋ-ਆਪਣੇ ਪਿੰਡਾਂ ਦੇ ਪਹਿਲਾਂ ਦਿੱਲੀ ਗਏ ਹੋਏ ਸੰਘਰਸ਼ੀ ਕਿਸਾਨਾਂ ਨਾਲ ਨਵਾਂ ਸਾਲ ਮਨਾਉਣ ਲਈ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਦਿੱਲੀ ਜਾ ਰਹੇ ਕਿਸਾਨ ਟਰਾਲੀਆਂ ਵਿੱਚ ਵੱਡੀ ਮਾਤਰਾ ਵਿੱਚ ਲੱਕੜ ਅਤੇ ਖਾਣ-ਪੀਣ ਦੀਆਂ ਹੋਰ ਵਸਤਾਂ ਲੈ ਕੇ ਦਿੱਲੀ ਵੱਲ ਤੁਰ ਰਹੇ ਹਨ।
ਅੱਜ ਪਿੰਡ ਹੁਲਕਾ ਵਿੱਚੋਂ ਦੋ ਟਰਾਲੀਆਂ ਲੱਕੜ ਅਤੇ ਲੰਗਰ ਦੀਆਂ ਵਸਤਾਂ ਲੈ ਕੇ ਰਵਾਨਾ ਹੋਈਆਂ। ਪਿੰਡ ਬੜੀ ਤੋਂ ਨੌਜਵਾਨ ਪੰਜ ਕੁਵਿੰਟਲ ਅਚਾਰ ਲੈਕੇ ਦਿੱਲੀ ਲਈ ਤੁਰੇ। ਪਿੰਡ ਮੋਟੇਮਾਜਰਾ, ਬਠਲਾਣਾ, ਗੁਡਾਣਾ, ਬੂਟਾਸਿੰਘ ਵਾਲਾ, ਨਾਨੋਮਾਜਰਾ, ਮਨੌਲੀ, ਕਰਾਲਾ, ਖਾਸਪੁਰ, ਨੰਡਿਆਲੀ, ਭਟੀਰਸ, ਕੁਰੜੀ, ਖਾਸਪੁਰ, ਧਰਮਗੜ੍ਹ, ਜੰਗਪੁਰਾ ਆਦਿ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਕਈ ਪਿੰਡਾਂ ਦੇ ਯੂਥ ਕਲੱਬਾਂ ਦੇ ਕਾਰਕੁਨ ਵੱਖ-ਵੱਖ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰ ਕੇ ਆਪਣੇ ਨਾਲ ਲਿਜਾ ਰਹੇ ਹਨ।
ਚਿੱਲਾ ਵਾਸੀ ਵੀ ਸਿੰਘੂ ਬਾਰਡਰ ’ਤੇ ਡਟੇ
ਪਿੰਡ ਚਿੱਲਾ ਤੋਂ ਦੋ ਟਰਾਲੀਆਂ ਵਿੱਚ 26 ਨਵੰਬਰ ਤੋਂ ਦੋ ਦਰਜਨ ਦੇ ਕਰੀਬ ਕਿਸਾਨ ਸਿੰਘੂ ਬਾਰਡਰ ’ਤੇ ਗਏ ਹੋਏ ਹਨ। ਪਿੰਡ ਵਿੱਚੋਂ ਹਰ ਦੂਜੇ-ਤੀਜੇ ਦਿਨ ਨੌਜਵਾਨ ਲਗਾਤਾਰ ਦਿੱਲੀ ਜਾ ਰਹੇ ਹਨ ਤੇ ਰਾਏਪੁਰ ਖੁਰਦ ਅਤੇ ਰਾਏਪੁਰ ਕਲਾਂ ਵਾਲੇ ਧਰਨਾਕਾਰੀ ਕਿਸਾਨਾਂ ਨਾਲ ਮਿਲਕੇ ਉੱਥੇ ਤਰ੍ਹਾਂ-ਤਰ੍ਹਾਂ ਦਾ ਲੰਗਰ ਚਲਾ ਰਹੇ ਹਨ। ਪਿੰਡ ਚਿੱਲਾ ਦੇ ਵਸਨੀਕਾਂ ਵੱਲੋਂ ਅੱਜ ਸਹਿਯੋਗੀ ਪਿੰਡਾਂ ਦੇ ਕਿਸਾਨਾਂ ਦੇ ਸਹਿਯੋਗ ਨਾਲ ਚਾਹ-ਬਰੈੱਡਾਂ ਦਾ ਲੰਗਰ ਚਲਾਇਆ ਗਿਆ। ਪਿੰਡ ਵਿੱਚੋਂ ਅੱਜ ਲੱਕੜਾਂ ਦੀ ਭਰੀ ਟਰਾਲੀ ਵੀ ਦਿੱਲੀ ਲਈ ਭੇਜੀ ਗਈ।