ਮਿਹਰ ਸਿੰਘ
ਕੁਰਾਲੀ, 28 ਫਰਵਰੀ
ਇਲਾਕੇ ਦੇ ਨੌਜਵਾਨਾਂ ਨੇ ਅੱਜ ਮਾਜਰੀ ਬਲਾਕ ਦੇ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ ਕੱਢੀ। ਇਸ ਦੌਰਾਨ ਇਲਾਕਾ ਵਾਸੀਆਂ ਨੂੰ ਕਿਸਾਨੀ ਸੰਘਰਸ਼ ਲਈ ਲਾਮਬੰਦ ਕੀਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਬੜੌਦੀ ਦੇ ਟੌਲ ਪਲਾਜ਼ਾ ’ਤੇ ਲੋਕ ਹਿੱਤ ਮਿਸ਼ਨ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਤੋਂ ਸ਼ੁਰੂ ਹੋ ਕੇ ਇਹ ਰੈਲੀ ਕਰਤਾਰਪੁਰ, ਢਕੋਰਾਂ, ਸੇਖਪੁਰਾ, ਨੱਗਲ, ਖਿਜਰਾਬਾਦ ਤੋਂ ਸਿਆਲਬਾ ਹੁੰਦੀ ਹੋਈ ਵਾਪਸ ਟੌਲ ਪਲਾਜ਼ਾ ਬੜੋਦੀ ਪੁੱਜ ਕੇ ਸਮਾਪਤ ਹੋਈ। ਇਸ ਦੌਰਾਨ ਪਿੰਡਾਂ ਵਿੱਚ ਇਕੱਠ ਕਰਕੇ ਖੇਤੀ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਸੰਘਰਸ਼ ’ਚ ਡਟਣ ਦੀ ਅਪੀਲ ਕੀਤੀ ਗਈ।
ਸ੍ਰੀ ਅਨੰਦਪੁਰ ਸਾਹਿਬ (ਬੀ.ਐੱਸ. ਚਾਨਾ): ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਕੀਰਤਪੁਰ ਮਾਰਗ ’ਤੇ ਸਥਿਤ ਨੱਕੀਆਂ ਟੌਲ ਪਲਾਜ਼ਾ ਵਿੱਚ ਆਗੂਆਂ ਨੇ ਅੱਜ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਲੱਕ ਤੋੜਨ ਲਈ ਡੀਏਪੀ ਖਾਦ ਦੇ ਰੇਟ ਵਿਚ 300 ਰੁਪਏ ਪ੍ਰਤੀ ਥੈਲਾ ਭਾਵ 600 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਰੁੱਧ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨਾਂ ਨੂੰ ਜਾਗਣ ਦਾ ਸੱਦਾ ਦਿੱਤਾ ਗਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਹੁਣ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਆਦਿ ਨੂੰ ਵੱਧ ਤੋਂ ਵੱਧ ਕਿਸਾਨ ਅੰਦੋਲਨ ਵਿਚ ਕੁੱਦ ਜਾਣਾ ਚਾਹੀਦਾ ਹੈ ਅਤੇ ਟਰੈਕਟਰ ਟਰਾਲੀਆਂ,ਗੱਡੀਆਂ ਰਾਹੀਂ ਦਿੱਲੀ ਕੂਚ ਕਰ ਜਾਣਾ ਚਾਹੀਦਾ ਹੈ।
ਗ੍ਰਿਫ਼ਤਾਰੀ ਲਈ ਜਥਾ ਭੇਜ ਕੇ ਪੂਰਾ ਕੀਤਾ ਬਚਨ: ਮਾਨ
ਬਸੀ ਪਠਾਣਾਂ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੇ ਮੁਲਕ ਦੇ ਕਿਸਾਨਾਂ-ਮਜ਼ਦੂਰਾਂ ਦਾ ਦਿੱਲੀ ਵਿਚ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਇਸ ਸੰਘਰਸ਼ ਨੂੰ ਹਰ ਕੀਮਤ ’ਤੇ ਕਾਇਮ ਰੱਖਣ ਦੀ ਗੱਲ ਵੀ ਪੂਰੇ ਜ਼ੋਰ-ਸ਼ੋਰ ਨਾਲ ਉਭਰਕੇ ਸਾਹਮਣੇ ਆਈ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਅਤੇ 26 ਜਨਵਰੀ ਨੂੰ ਦਿੱਲੀ ਵਿਚ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਅਤੇ ਨੌਜਵਾਨਾਂ ਦੀ ਸਮੂਹਿਕ ਰਿਹਾਈ ਤੇ ਉਨ੍ਹਾਂ ਉਤੇ ਬਣਾਏ ਗਏ ਝੂਠੇ ਕੇਸਾਂ ਨੂੰ ਖ਼ਤਮ ਕਰਨ ਨੂੰ ਮੁੱਖ ਰੱਖ ਕੇ ਇਹ ਵਾਅਦਾ ਕੀਤਾ ਸੀ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਸਾਡੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਨੌਜਵਾਨਾਂ ਨੂੰ ਕੇਂਦਰ ਦੀ ਮੋਦੀ ਹਕੂਮਤ ਨੇ ਰਿਹਾਅ ਨਾ ਕੀਤਾ, ਤਾਂ ਪਾਰਲੀਮੈਂਟ ਵਿਚ 5 ਮੈਂਬਰੀ ਜਥਾ ਗ੍ਰਿਫ਼ਤਾਰੀ ਦੇਣ ਲਈ ਦਿੱਲੀ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਕਿਸਾਨ ਯੂਨੀਅਨ ਸ. ਜਸਕਰਨ ਸਿੰਘ ਦੀ ਅਗਵਾਈ ਵਿਚ ਜਾ ਰਹੇ ਜਥੇ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।