ਮਿਹਰ ਸਿੰਘ
ਕੁਰਾਲੀ, 2 ਮਈ
ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇੱਥੇ ਮਾਰਸ਼ਲ ਗਰੁੱਪ ਵੱਲੋਂ ਆਰੰਭੇ ਸੰਘਰਸ਼ ਵਿੱਚ ਸ਼ਿਰਕਤ ਕੀਤੀ। ਸ੍ਰੀ ਚੜੂਨੀ ਨੇ ਮਾਰਸ਼ਲ ਗਰੁੱਪ ਵੱਲੋਂ ਹਸਪਤਾਲ ਅਪਗ੍ਰੇਡ ਕਰਵਾਉਣ ਲਈ ਆਰੰਭੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਲੋਕ ਹਿੱਤ ਦੀ ਇਸ ਲੜਾਈ ਵਿੱਚ ਮਾਰਸ਼ਲ ਗਰੁੱਪ ਜੇਕਰ ਕੋਈ ਸੰਘਰਸ਼ ਵਿੱਢਦਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਆਪਣਾ ਸਹਿਯੋਗ ਦੇਵੇਗਾ ਤੇ ਸੀਐਚਸੀ ਕੁਰਾਲੀ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਲਈ ਸਰਕਾਰੇ ਦਰਬਾਰੇ ਵੀ ਪਹੁੰਚ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਭਾਜਪਾ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ ਜਦਕਿ ਦੇਸ਼ ਵਿੱਚ ਕਰੋਨਾ ਦੇ ਨਾਂ ’ਤੇ ਕਾਲਾਬਜ਼ਾਰੀ ਜ਼ੋਰਾਂ ਉੱਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਦਾ ਹਊਆ ਬਣਾ ਕੇ ਮੁੜ ਖੇਤੀ ਵਪਾਰ ਦੇ ਕਾਲੇ ਕਾਨੂੰਨਾਂ ਨੂੰ ਅੰਤਿਮ ਰੂਪ ਦੇ ਕੇ ਲਾਗੂ ਕਰਨ ਦੀ ਫ਼ਿਰਾਕ ਵਿੱਚ ਹੈ ਜਿਸ ਨੂੰ ਕਿਸਾਨ ਕਿਸੇ ਵੀ ਸੂਰਤ ਵਿੱਚ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਜਿੱਤ ਹਾਸਲ ਕਰਨ ਤੱਕ ਸੰਘਰਸ਼ ਜਾਰੀ ਰੱਖਣ ਅਤੇ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਰਹਿਣ ਦਾ ਐਲਾਨ ਵੀ ਕੀਤਾ।
ਦੀਪ ਸਿੱਧੂ ਦੇ ਸੰਯੁਕਤ ਕਿਸਾਨ ਮੋਰਚੇ ’ਚ ਰਲੇਵੇਂ ਤੇ ਸਟੇਜ ਸਾਂਝੀ ਕਰਨ ਦੇ ਸੁਆਲ ’ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੀਆਂ ਜਥੇਬੰਦੀਆਂ ਲੈਣਗੀਆਂ ਤੇ ਜੋ ਫੈਸਲਾ ਹੋਵੇਗਾ ਉਹ ਸੰਪੂਰਨ ਜਥੇਬੰਦੀਆਂ ਨੂੰ ਮਨਜ਼ੂਰ ਹੋਵੇਗਾ। ਭਵਿੱਖ ਵਿਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਯੁਕਤ ਮੋਰਚੇ ਵੱਲੋਂ ਚੋਣਾਂ ਲੜਨ ਦੇ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਫੈਸਲਾ ਨਹੀਂ ਲਿਆ। ਇਸੇ ਦੌਰਾਨ ਸ੍ਰੀ ਚੰਡੂਨੀ ਦਾ ਮਾਰਸ਼ਲ ਗਰੁੱਪ ਦੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਜਿੰਦਰ ਸਿੰਘ ਚੰਡਿਆਲਾ, ਤੇਜਬੀਰ ਸਿੰਘ ਪੰਜੋਖਰਾ ਸਾਹਿਬ, ਜੱਗਾ ਪੂਨੀਆ, ਸਿਮਰਨ ਢੀਂਡਸਾ, ਨਰਿੰਦਰ ਟੋਨੀ ਪ੍ਰਧਾਨ ਪੰਚਕੂਲਾ, ਰਣਜੀਤ ਸਿੰਘ ਕਾਕਾ ਮਾਰਸ਼ਲ, ਮਨਮੋਹਨ ਸਿੰਘ ਮਾਵੀ, ਜਿੰਦ ਬਡਾਲੀ, ਸੁਰਿੰਦਰ ਲਹਿਲ ਨੱਗਲ ਗੜ੍ਹੀਆਂ, ਬਲਜੀਤ ਖੈਰਪੁਰ, ਸਰਪੰਚ ਬਲਜੀਤ ਸਿੰਘ, ਅਮਨਦੀਪ ਸਿੰਘ ਗੋਲਡੀ, ਹੈਪੀ ਵਰਮਾ, ਸੰਜੀਵ ਗੋਗਨਾ, ਰੌਕੀ ਚਰਹੇੜੀ, ਪਿਆਰਾ ਸਿੰਘ ਤੇ ਗੋਲਡੀ ਮੁੱਲਾਂਪੁਰ ਹਾਜ਼ਰ ਸਨ।