ਯੂਟੀ ਪ੍ਰਸ਼ਾਸਨ ਵੱਲੋੀ ‘ਏਅਰ ਸ਼ੋਅ’ ਦੇ ਮੱਦੇਨਜ਼ਰ ਸੀਟੀਯੂ ਬੱਸਾਂ ਦੀ ਵਰਤੋਂ ਸ਼ਹਿਰ ਵਾਸੀਆਂ ਨੂੰ ਸੁਖਨਾ ਝੀਲ ਤੱਕ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਸੀਟੀਯੂ ਦੀ ਲੋਕਸ ਬੱਸ ਸਰਵਿਸ ਸਵੇਰੇ 10.30 ਵਜੇ ਤੋਂ ਰਾਤ 8 ਵਜੇ ਤੱਕ ਠੱਪ ਰਹੀ। ਇਸ ਕਰਕੇ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਉੱਧਰ ਸੀਟੀਯੂ ਦੀ ਬੱਸ ਸਰਵਿਸ ਠੱਪ ਹੋਣ ਕਰਕੇ ਥ੍ਰੀ ਵ੍ਹੀਲਰ ਅਤੇ ਕੈਬ ਚਾਲਕਾਂ ਨੇ ਭਾੜੇ ਵਿੱਚ ਦੋ ਤੋਂ ਤਿੰਨ ਗੁਣਾ ਵਾਧਾ ਕਰ ਦਿੱਤਾ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ 350 ਦੇ ਕਰੀਬ ਆਮ ਬੱਸਾਂ ਅਤੇ 10 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਲੋਕਾਂ ਨੂੰ ਸੁਖਨਾ ਝੀਲ ’ਤੇ ਪਹੁੰਚਾਉਣ ਲਈ ਕੀਤੀ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ 400 ਦੀਆਂ ਥਾਂ ਸਿਰਫ਼ 40 ਬੱਸਾਂ ਹੀ ਚੱਲੀਆਂ ਜਿਸ ਕਰਕੇ ਸਵੇਰੇ ਬੱਸ ਰਾਹੀਂ ਦਫ਼ਤਰਾਂ, ਸਕੂਲ, ਕਾਲਜ ਜਾਂ ਹੋਰਨਾਂ ਥਾਵਾਂ ’ਤੇ ਜਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਗੁਆਂਢੀ ਸੂਬਿਆਂ ਤੋਂ ਪੀਜੀਆਈ, ਸੈਕਟਰ-16 ਜਾਂ 32 ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਬੱਸ ਨਾ ਮਿਲਣ ਕਰਕੇ ਖੱਜਲ-ਖੁਆਰ ਹੋਣਾ ਪਿਆ ਹੈ। ਸੁਖਨਾ ਝੀਲ ’ਤੇ ‘ਏਅਰ ਸ਼ੋਅ’ ਕਰਕੇ ਚੰਡੀਗੜ੍ਹ ਪੁਲੀਸ ਨੇ ਸੁਖਨਾ ਝੀਲ ਦੇ ਆਲੇ-ਦੁਆਲੇ ਵਾਲੀਆਂ ਸੜਕਾਂ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ। ਇਸ ਕਾਰਨ ਲੋਕਾਂ ਨੂੰ ਲੰਬੇ ਰੂਟ ਦੀ ਵਰਤੋਂ ਕਰਨੀ ਪਈ।