ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 23 ਅਕਤੂਬਰ
ਪਿੰਡ ਝਾਮਪੁਰ ਅਤੇ ਤੀੜਾ ਨੂੰ ਜੋੜਨ ਵਾਲੇ ਪੁਲ ਦੁਆਲੇ ਸੜਕ ਨਾ ਬਣਨ ਕਾਰਨ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ। ਹਰ ਸਮੇਂ ਧੂੜ-ਮਿੱਟੀ ਉੱਡਦੀ ਰਹਿੰਦੀ ਹੈ ਅਤੇ ਥੋੜਾ ਜਿਹਾ ਮੀਂਹ ਪੈਂਦਿਆਂ ਹੀ ਰਸਤਾ ਬੰਦ ਹੋ ਜਾਂਦਾ ਹੈ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਬੰਧਤ ਪੁਲ ਅਤੇ ਸੜਕ ਦਾ ਮੌਕਾ ਦੇਖਿਆ। ਸ੍ਰੀ ਸਿੱਧੂ ਨੇ ਪੰਜਾਬ ਸਰਕਾਰ ’ਤੇ ਮੁਹਾਲੀ ਹਲਕੇ ਦਾ ਵਿਕਾਸ ਠੱਪ ਕਰਨ ਅਤੇ ਵਿਤਕਰਾ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ 2.3 ਕਰੋੜ ਦੀ ਲਾਗਤ ਨਾਲ ਜੁਲਾਈ 2021 ਵਿੱਚ ਉਨ੍ਹਾਂ ਦੀ ਪਹਿਲਕਦਮੀ ਸਦਕਾ ਇਸ ਪੁਲ ਦਾ ਨੀਂਹ ਪੱਥਰ ਤਤਕਾਲੀ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਰੱਖਿਆ ਸੀ। ਉਨ੍ਹਾਂ ਕਿਹਾ ਕਿ ਪੁਲ ਬਣਨ ਦੇ ਬਾਵਜੂਦ ਇਸ ਪੁਲ ਦੀ ਪਹੁੰਚ ਸੜਕ ਨਹੀਂ ਬਣ ਸਕੀ। ਉਨ੍ਹਾਂ ਮੌਕੇ ’ਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿੰਡ ਝਾਮਪੁਰ ਦੇ ਸਰਪੰਚ ਹਰਪ੍ਰੀਤ ਕੌਰ, ਸਾਬਕਾ ਸਰਪੰਚ ਸੁਖਦੀਪ ਸਿੰਘ, ਨੇਹਾ ਰਾਣੀ, ਪ੍ਰਭਜੋਤ ਸਿੰਘ, ਗੁਰਦੀਪ ਸਿੰਘ, ਗੁਰਸਿਮਰਨ ਸਿੰਘ (ਸਾਰੇ ਪੰਚ) ਆਦਿ ਵੀ ਹਾਜ਼ਰ ਸਨ।
ਜਲਦੀ ਕਰਾਇਆ ਜਾਵੇਗਾ ਕੰਮ: ਅਧਿਕਾਰੀ
ਲੋਕ ਨਿਰਮਾਣ ਵਿਭਾਗ ਦੇ ਮੌਕੇ ’ਤੇ ਪਹੁੰਚੇ ਐੱਸਡੀਓ ਅਤੇ ਜੇਈ ਨੇ ਸ੍ਰੀ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਕਿ ਪੁਲ ਦੀ ਪਹੁੰਚ ਸੜਕ ਨਾ ਬਣਾਉਣ ਕਾਰਨ ਸਬੰਧਤ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਸਿਰੇ ਤੋਂ ਅਨੁਮਾਨ ਤਿਆਰ ਕਰ ਕੇ ਜਲਦੀ ਹੀ ਸੜਕ ਬਣਵਾ ਦਿੱਤੀ ਜਾਵੇਗੀ।