ਕਰਮਜੀਤ ਸਿੰਘ ਚਿੱਲਾ
ਬਨੂੜ, 24 ਸਤੰਬਰ
ਇਲਾਕੇ ਖੇਤਰ ਦੇ ਪਿੰਡਾਂ ਵਿੱਚ ਅੱਜ ਸਵੇਰੇ ਗਿਆਰਾਂ ਵਜੇ ਤੋਂ ਬਾਅਦ ਬਿਜਲੀ ਸਪਲਾਈ ਠੱਪ ਹੈ। ਸੱਤ ਵਜੇ ਇਹ ਖ਼ਬਰ ਲਿਖੇ ਜਾਣ ਤੱਕ ਵੀ ਸਿਰਫ਼ ਬਨੂੜ ਸ਼ਹਿਰ ਵਿੱਚ ਬਿਜਲੀ ਸਪਲਾਈ ਬਹਾਲ ਹੋਈ ਸੀ। ਜਾਣਕਾਰੀ ਅਨੁਸਾਰ ਅੱਜ ਦਿਨੇ ਗਿਆਰਾਂ ਵਜੇ ਅਚਾਨਕ ਬਿਜਲੀ ਚਲੀ ਗਈ। ਪਾਵਰਕੌਮ ਵੱਲੋਂ ਖ਼ਪਤਾਕਾਰਾਂ ਨੂੰ ਮੋਬਾਈਲ ਫੋਨ ’ਤੇ ਭੇਜੇ ਐੱਸਐੱਮਐੱਸ ਵਿੱਚ ਪਹਿਲਾਂ ਗਿਆਰਾਂ ਤੋਂ ਦੋ ਵਜੇ ਤੱਕ ਬਿਜਲੀ ਦਾ ਕੱਟ ਦੀ ਗੱਲ ਆਖੀ ਗਈ, ਫਿਰ ਤਿੰਨ ਵਜੇ ਤੇ ਫਿਰ ਛੇ ਵਜੇ ਤੱਕ ਕੱਟ ਕਿਹਾ ਗਿਆ ਪਰ ਬਿਜਲੀ ਨਹੀਂ ਆਈ।
ਪਿੰਡ ਸਨੇਟਾ, ਬਠਲਾਣਾ, ਦੈੜੀ, ਦੁਰਾਲੀ, ਚਾਉਮਾਜਰਾ, ਗੀਗੇਮਾਜਰਾ, ਮੀਂਢੇਮਾਜਰਾ, ਨਗਾਰੀ, ਧੀਰਪੁਰ, ਗੋਬਿੰਦਗੜ੍ਹ, ਢੇਲਪੁਰ, ਗੁਡਾਣਾ, ਤੰਗੌਰੀ, ਕੁਰੜਾ, ਮਾਣਕਪੁਰ ਕੱਲਰ, ਮਨੌਲੀ, ਮੋਟੇਮਾਜਰਾ ਸਣੇ ਦਰਜਨਾਂ ਹੋਰ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਗਿਆਰਾਂ ਵਜੇ ਦੀ ਬਿਜਲੀ ਬੰਦ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਬੰਦ ਰਹਿਣ ਕਾਰਨ ਪਿੰਡਾਂ ਦੇ ਟਿਊਬਵੈੱਲ ਵੀ ਨਹੀਂ ਚੱਲ ਸਕੇ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਰਹੀ। ਅੱਜ ਗਰਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੰਬੇ ਕੱਟ ਕਾਰਨ ਇਨਵਰਟਰ ਵੀ ਬੰਦ ਹੋ ਗਏ। ਬਿਜਲੀ ’ਤੇ ਨਿਰਭਰ ਦੁਕਾਨਦਾਰ ਵੀ ਵਿਹਲੇ ਬੈਠੇ ਰਹੇ।
ਇਸੇ ਦੌਰਾਨ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ।
ਤਾਰਾਂ ਪਾਉਣ ਕਾਰਨ ਲਾਇਆ ਕੱਟ: ਐੱਸਡੀਓ
ਪਾਵਰਕੌਮ ਦੇ ਐੱਸਡੀਓ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਵਿਭਾਗ ਦੇ ਤਕਨੀਕੀ ਵਿੰਗ ਵੱਲੋਂ ਇੱਥੋਂ ਦੇ 220 ਕੇਵੀ ਗਰਿੱਡ ਵਿੱਚ ਆਪਟੀਕਲ ਤਾਰਾਂ ਪਾਈਆਂ ਜਾ ਰਹੀਆਂ ਹਨ, ਉਥੋਂ ਹੀ ਬਿਜਲੀ ਸਪਲਾਈ ਬੰਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬਿਜਲੀ ਸਪਲਾਈ ਬਾਹਲ ਹੋ ਜਾਵੇਗੀ।