ਪੱਤਰ ਪ੍ਰੇਰਕ
ਬਨੂੜ, 28 ਜੁਲਾਈ
ਇਸ ਖੇਤਰ ਦੇ ਦਰਜਨਾ ਪਿੰਡਾਂ ਕੋਲੋਂ ਲੰਘਦੇ ਘੱਗਰ ਦਰਿਆ ਵਿੱਚ ਅੱਜ ਸਵੇਰ ਤੋਂ ਦੁਪਹਿਰ ਤੱਕ ਭਾਰੀ ਮਾਤਰਾ ਵਿੱਚ ਪਾਣੀ ਚੜ੍ਹਿਆ। ਘੱਗਰ ਨੇੜਲੇ ਪਿੰਡ ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ ਨੇ ਦੱਸਿਆ ਕਿ ਇਸ ਬਰਸਾਤ ਵਿੱਚ ਘੱਗਰ ਵਿੱਚ ਅੱਜ ਸਭ ਤੋਂ ਵੱਧ ਪਾਣੀ ਆਇਆ।
ਉਨ੍ਹਾਂ ਕਿਹਾ ਕਿ ਭਾਵੇਂ ਇਸ ਖੇਤਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਪਰ ਪਿੰਡਾਂ ਦੇ ਵਸਨੀਕ ਲਗਾਤਾਰ ਪਾਣੀ ਉਤੇ ਨਜ਼ਰ ਰੱਖਦੇ ਰਹੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਪਿੰਡਾਂ ਦੇ ਸਰਪੰਚਾਂ ਤੋਂ ਸਾਰਾ ਦਿਨ ਘੱਗਰ ਦੇ ਪਾਣੀ ਸਬੰਧੀ ਜਾਣਕਾਰੀ ਲੈਂਦੇ ਰਹੇ।
ਪ੍ਰਾਪਤ ਜਾਣਕਾਰੀ ਬਨੂੜ ਖੇਤਰ ਵਿੱਚ ਘੱਗਰ ’ਚ ਪਾਣੀ ਸਵੇਰੇ ਸੱਤ ਵਜੇ ਤੋਂ ਦਸ ਵਜੇ ਤੱਕ ਵਧਿਆ।
ਇਸ ਸਮੇਂ ਘੱਗਰ ਵਿੱਚ ਤੀਹ ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਵਹਿੰਦਾ ਰਿਹਾ। ਫ਼ਿਰ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ। ਸ਼ਾਮੀ ਪੰਜ ਵਜੇ ਪਾਣੀ ਦਾ ਪੱਧਰ ਬਿਲਕੁੱਲ ਘਟ ਗਿਆ ਸੀ ਤੇ ਤਿੰਨ ਹਜ਼ਾਰ ਕਿਊਸਿਕ ਰਹਿ ਗਿਆ।
ਭਾਂਖਰਪੁਰ ਵਿੱਚ ਪਾਣੀ ਦੀ ਮਿਣਤੀ ਕਰਨ ਵਾਲੇ ਇੱਕ ਕਰਮਚਾਰੀ ਨੇ ਸਵੇਰੇ ਚਾਰ ਤੋਂ ਛੇ ਵਜੇ ਤੱਕ ਪਾਣੀ ਦਾ ਪੱਧਰ ਸੱਤ ਫ਼ੁੱਟ, ਸੱਤ ਵਜੇ ਸਾਢੇ ਪੰਜ ਫੁੱਟ, ਬਾਰਾਂ ਵਜੇ ਤਿੰਨ ਫੁੱਟ ਤੇ ਪੰਜ ਵਜੇ ਦੋ ਫੁੱਟ ਵਹਿੰਦਾ ਹੋਣ ਦੀ ਪੁਸ਼ਟੀ ਕੀਤੀ ਹੈ।