ਹਰਜੀਤ ਸਿੰਘ
ਜ਼ੀਰਕਪੁਰ, 9 ਜੂਨ
ਇਥੋਂ ਦੇ ਭਬਾਤ ਖੇਤਰ ਵਿੱਚ ਪੈਂਦੀ ਵਿਕਟੋਰੀਆ ਸਿਟੀ ਕਲੋਨੀ ਵਿੱਚ ਲੰਘੇ ਦਿਨ ਦਿਨਾਂ ਤੋਂ ਬਿਜਲੀ ਦੀ ਅੱਖ ਮਿਚੋਲੀ ਚਲ ਰਹੀ ਹੈ। ਅੱਤ ਦੀ ਗਰਮੀ ਵਿੱਚ ਬਿਨਾਂ ਬਿਜਲੀ ਤੋਂ ਅੱਜ ਕਲੋਨੀ ਵਾਸੀਆਂ ਦਾ ਸਬਰ ਦਾ ਬੰਨ੍ਹ ਟੁੱਟ ਗਿਆ। ਰੋਹ ਵਿੱਚ ਆਏ ਕਲੋਨੀ ਵਾਸੀਆਂ ਨੇ ਅੱਜ ਭਬਾਤ-ਨਾਭਾ ਸਾਹਿਬ ਸੜਕ ’ਤੇ ਜਾਮ ਲਾ ਕੇ ਪਾਵਰਕੌਮ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਮੁਕੇਸ਼ ਕੁਮਾਰ, ਜਗਦੀਸ਼ ਕੁਮਾਰ, ਰਾਮ ਗੋਪਾਲ, ਨੌਸ਼ਾਦ ਅਲੀ, ਕੁੰਦਨ ਸ਼ਰਮਾ ਸਣੇ ਹੋਰਨਾਂ ਨੇ ਦੱਸਿਆ ਕਿ ਲੰਘੇ ਲੰਮੇ ਸਮੇਂ ਤੋਂ ਉਹ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਪਰ ਜਦ ਦੀ ਗਰਮੀ ਵਧੀ ਹੈ ਬਿਜਲੀ ਸਪਲਾਈ ਦਾ ਹੋਰ ਮਾੜਾ ਹਾਲ ਹੋ ਗਿਆ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਤ ਦੀ ਗਰਮੀ ਵਿੱਚ ਬਿਨਾਂ ਬਿਜਲੀ ਤੋਂ ਰਹਿਣਾ ਮੁਸ਼ਕਲ ਹੋ ਗਿਆ ਹੈ। ਤਿੰਨ ਦਿਨਾਂ ਤੋਂ ਪਾਵਰਕੌਮ ਦੇ ਅਧਿਕਾਰੀ ਉਨ੍ਹਾਂ ਨੂੰ ਲਾਰੇ ਲਾ ਰਹੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਅੱਜ ਉਨ੍ਹਾਂ ਵੱਲੋਂ ਫੋਨ ਚੁੱਕਣੇ ਹੀ ਬੰਦ ਕਰ ਦਿੱਤੇ ਜਿਸ ਤੋਂ ਤੰਗ ਆ ਕੇ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਪਿਆ। ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਖ਼ੁਸ਼ਿਵੰਦਰ ਸਿੰਘ ਨੇ ਕਿਹਾ ਕਿ ਲੰਘੀ ਰਾਤ ਬਿਜਲੀ ਦੀ ਮੰਗ ਜ਼ਿਆਦਾ ਵਧਣ ਕਾਰਨ ਸ਼ਹਿਰ ਵਿੱਚ ਇਸ ਕਲੋਨੀ ਸਮੇਤ ਤਿੰਨ ਹੋਰ ਟਰਾਂਸਫਾਰਮਰ ਸੜ ਗਏ ਜਿਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਜਿਸ ਮਗਰੋਂ ਸਪਲਾਈ ਬਹਾਲ ਹੋ ਜਾਏਗਾ।