ਮੁਕੇਸ਼ ਕੁਮਾਰ
ਚੰਡੀਗੜ੍ਹ, 21 ਜਨਵਰੀ
ਪਿਛਲੇ ਲਗਪਗ ਦੋ ਹਫ਼ਤਿਆਂ ਦੀ ਹੱਡ ਚੀਰਵੀਂ ਠੰਢ ਤੋਂ ਬਾਅਦ ਅੱਜ ਸ਼ਹਿਰ ਵਿਚ ਨਿਕਲੀ ਕਰਾਰੀ ਧੁੱਪ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਦਿੱਤੀ। ਇਸ ਦੌਰਾਨ ਚੰਡੀਗੜ੍ਹੀਏ ਸਾਰਾ ਦਿਨ ਸ਼ਹਿਰ ਭਰ ਵਿਚ ਖਿੜੀ ਇਸ ਵਧੀਆ ਧੁੱਪ ਦਾ ਆਨੰਦ ਮਾਣਦੇ ਦੇਖੇ ਗਏ। ਅੱਜ ਧੁੱਪ ਨਿਕਲਣ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕਈ ਦਿਨਾਂ ਬਾਅਦ ਅੱਜ ਖਿੜੀ ਕਰਾਰੀ ਧੁੱਪ ਦਾ ਸ਼ਹਿਰ ਵਾਸੀਆਂ ਨੇ ਆਨੰਦ ਮਾਣਿਆ। ਇਸ ਦੌਰਾਨ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੋਕ ਸਾਰਾ ਦਿਨ ਧੁੱਪ ਦਾ ਆਨੰਦ ਮਾਣਦੇ ਦੇਖੇ ਗਏ। ਪਿਛਲੇ ਕਰੀਬ 15 ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਕਾਰਨ ਘਰਾਂ ਅੰਦਰ ਬੈਠੇ ਲੋਕਾਂ ਨੇ ਬਾਹਰ ਆ ਕੇ ਧੁੱਪ ਸੇਕੀ। ਚੰਡੀਗੜ੍ਹ ਵਿੱਚ ਅੱਜ ਸੂਰਜ ਨਿਕਲਣ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਭਲਕੇ ਸ਼ਨਿਚਰਵਾਰ ਨੂੰ ਸ਼ਹਿਰ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਤੋਂ ਰਾਹਤ ਮਿਲਣ ਦੀ ਆਸ ਨਹੀਂ ਹੈ।
ਪੰਚਕੂਲਾ ਵਿਚ 24 ਘੰਟਿਆਂ ’ਚ ਠੰਢ ਕਾਰਨ ਤਿੰਨ ਮੌਤਾਂ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਬੀਤੇ 24 ਘੰਟਿਆਂ ਦੌਰਾਨ ਠੰਢ ਕਾਰਨ ਤਿੰਨ ਮੌਤਾਂ ਹੋ ਗਈਆਂ। ਪੁਲੀਸ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ ਕੰਢਿਓਂ ਮਿਲੀਆਂ। ਠੰਢ ਨਾਲ ਮਰਨ ਵਾਲੇ ਤਿੰਨੋਂ ਵਿਅਕਤੀ ਲਾਵਾਰਿਸ ਦੱਸੇ ਜਾ ਰਹੇ ਹਨ। ਪਹਿਲੇ ਵਿਅਕਤੀ ਦੀ ਲਾਸ਼ ਪੰਚਕੂਲਾ ਦੇ ਮਾਜਰੀ ਚੌਕ ਤੋਂ ਮਿਲੀ ਜਦਕਿ ਦੋ ਹੋਰ ਲਾਸ਼ਾਂ ਐੱਮਡੀਸੀ ਇਲਾਕੇ ਦੇ ਰੇਲਵੇ ਫਾਟਕ ਕੋਲੋਂ ਮਿਲੀਆਂ ਹਨ। ਪੁਲੀਸ ਅਨੁਸਾਰ ਇਹ ਤਿੰਨੋਂ ਵਿਅਕਤੀ ਭਿਖਾਰੀ ਸਨ ਜਿਨ੍ਹਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਡਾਕਟਰਾਂ ਨੇ ਇਨ੍ਹਾਂ ਦੀ ਮੌਤ ਦਾ ਕਾਰਨ ਠੰਢ ਦੱਸਿਆ ਹੈ। ਪੁਲੀਸ ਨੇ ਇਨ੍ਹਾਂ ਤਿੰਨਾਂ ਲਾਸਾਂ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ 72 ਘੰਟਿਆਂ ਲਈ ਰੱਖ ਦਿੱਤਾ ਹੈ। ਬੀਤੇ ਦਿਨਾਂ ਤੋਂ ਇਲਾਕੇ ਵਿੱਚ ਪੈ ਰਹੀ ਹੱਡ ਚੀਰਵੀਂ ਠੰਢ ਕਾਰਨ ਤਾਪਮਾਨ 11 ਤੋਂ 12 ਡਿਗਰੀ ਚੱਲ ਰਿਹਾ ਹੈ।